ਅਕਾਲੀ ਦਲ ਵਲੋਂ ਨਵਾਂਸ਼ਹਿਰ 'ਚ ਜਲੰਧਰ-ਚੰਡੀਗੜ੍ਹ ਹਾਈਵੇ ਜਾਮ
Friday, Dec 08, 2017 - 01:56 PM (IST)
ਨਵਾਂ ਸ਼ਹਿਰ (ਤ੍ਰਿਪਾਠੀ) - ਫਿਰੋਜ਼ਪੁਰ 'ਚ ਮੱਲਾਂਵਾਲਾ 'ਚ ਕਾਂਗਰਸੀਆਂ ਵੱਲੋਂ ਅਕਾਲੀਆਂ 'ਤੇ ਹਮਲਾ ਕਰਨ, ਹੱਤਿਆ ਕਰਨ ਦੀ ਕੋਸ਼ਿਸ਼, ਨਗਰ ਪੰਚਾਇਤ ਚੋਣਾਂ 'ਚ ਨਾਮਜ਼ਦਗੀ ਦਰਜ ਕਰਵਾਉਣ ਲਈ ਭਾਜਪਾ ਅਕਾਲੀ ਉਮੀਦਵਾਰਾਂ ਨੂੰ ਐੱਨ. ਓ. ਸੀ. ਜਾਰੀ ਨਾ ਕਰਨ ਦੇ ਦੋਸ਼ 'ਚ ਨਵਾਂ ਸ਼ਹਿਰ 'ਚ ਅਕਾਲੀ ਦਲ ਦੇ ਆਗੂਆਂ ਵੱਲੋਂ ਜਲੰਧਰ ਤੋਂ ਚੰਡੀਗੜ੍ਹ ਹਾਈਵੇ 'ਤੇ ਜਾਮ ਲੱਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਹਲਕਾ ਬੰਗਾ ਦੇ ਵਿਧਾਇਕ ਡਾ. ਐੱਸ. ਕੇ ਸੁੱਖੀ, ਨਵਾਂਸ਼ਹਿਰ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ ਅਤੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਦੀ ਅਗਵਾਈ 'ਚ ਅਕਾਲੀ-ਭਾਜਪਾ ਦੇ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਅਤੇ ਕਾਂਗਰਸ ਦੀ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਐੱਸ. ਕੇ. ਸੁੱਖੀ ਅਤੇ ਜਰਨੈਲ ਸਿੰਘ ਵਾਹਿਦ ਨੇ ਕਿਹਾ ਕਿ ਲੋਕਤੰਤਰ ਦੀ ਹੱਤਿਆ ਕਰਨ ਦੇ ਵਿਰੋਧ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ 'ਚ ਧਰਨੇ ਅਤੇ ਹਾਈਵੇ ਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਅਕਾਲੀ ਆਗੂਆਂ 'ਤੇ ਦਰਜ ਝੂਠੇ ਮਾਮਲੇ ਨੂੰ ਰੱਦ ਨਹੀਂ ਕਰਦੀ, ਉਸ ਸਮੇਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਭਾਜਪਾ ਦੇ ਮੰਡਰ ਪ੍ਰਧਾਨ ਬਲਵੰਤ ਸਿੰਘ, ਪਰਮ ਸਿੰਘ ਖਾਲਸਾ ਆਦਿ ਵੱਲੋਂ ਰੋਸ ਧਰਨਾ ਦਿੱਤਾ ਗਿਆ।
