ਸਾਵਧਾਨ ! ਹੈਲਮੇਟ ਤੋਂ ਬਿਨਾ ਮੌਤ ਦੇ ਮੂੰਹ ’ਚ ਚਲੇ ਜਾਂਦੀਆਂ ਨੇ ਸੈਂਕੜੇ ਜਾਨਾਂ
Wednesday, Nov 27, 2019 - 01:09 PM (IST)

ਜਲੰਧਰ - ਜਲੰਧਰ ਜ਼ਿਲੇ ’ਚ ਹਰ ਸਾਲ 350 ਦੇ ਕਰੀਬ ਲੋਕਾਂ ਦੀ ਮੌਤ ਸੜਕੀ ਹਾਦਸਿਆਂ ਦੇ ਕਾਰਨ ਹੋ ਰਹੀ ਹੈ। ਸਭ ਤੋਂ ਵੱਧ ਸੜਕ ਹਾਦਸੇ ਯੂ-ਟਰਨ ਮਾਰਨ ਦੇ ਸਮੇਂ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਹੋ ਰਹੇ ਹਨ। ਵਾਹਨ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ ਨਾ ਕਰਨਾ ਸਾਡੀ ਗਲਤੀ ਹੈ, ਜਿਸ ਦਾ ਖਮਿਆਜ਼ਾ ਸਾਡੇ ਪੂਰੇ ਪਰਿਵਾਰ ਨੂੰ ਕਿਸੇ ਵੀ ਸਮੇਂ ਭੁਗਤਣਾ ਪੈ ਸਕਦਾ ਹੈ। ਆਕੜਿ੍ਆਂ ਅਨੁਸਾਰ ਪਿਛਲੇ 4 ਸਾਲ ’ਚ ਹੋਏ ਸੜਕ ਹਾਦਸਿਆਂ ’ਚ 1495 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਉਹ ਲੋਕ ਹਨ, ਜੋ 2 ਪਹੀਆ ਵਾਹਨ ਬਿਨਾ ਹੈਲਮੇਟ ਪਾ ਕੇ ਚਲਾਉਂਦੇ ਸਨ।
ਪੰਜਾਬ ਵਿਜ਼ਨ ਜ਼ੀਰੋ ਦੇ ਟ੍ਰੈਫਿਕ ਐਡਵਾਇਜ਼ਰ ਡਾ. ਨਵਦੀਪ ਅਸੀਜਾ ਅਤੇ ਪੰਜਾਬ ਪ੍ਰਾਜੈਕਟ ਹੈੱਡ ਅਰਬਾਬ ਅਹਿਮਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ 10 ਮਹੀਨਿਆਂ ’ਚ ਸਿਰਫ 1.07 ਲੱਖ ਤੋਂ ਵੱਧ ਦੇ ਚਾਲਾਨ ਕੱਟੇ ਗਏ ਹਨ। ਕੱਟੇ ਗਏ 42.5 ਹਜ਼ਾਰ ਚਾਲਾਨ ਬਿਨਾ ਹੈਲਮੇਟ ਦੇ 2 ਪਹੀਆ ਵਾਹਨ ਚਲਾਉਣ ਵਾਲਿਆਂ ਦੇ ਸਨ। ਇਸ ਦੌਰਾਨ 4.22 ਕਰੋੜ ਰੁਪਏ ਦਾ ਜੁਰਮਾਨਾ ਵੀ ਵਸੂਲ ਕੀਤਾ ਗਿਆ ਹੈ।
ਖਤਰਨਾਕ ਖੇਤਰ
ਸਭ ਤੋਂ ਵੱਧ ਸੜਕੀ ਹਾਦਸੇ ਚੌਕਾਂ ’ਚ ਹੁੰਦੇ ਹਨ, ਜਿਥੇ ਸਭ ਤੋਂ ਵੱਧ ਭੀੜ ਹੁੰਦੀ ਹੈ। ਸੜਕ ਹਾਦਸਿਆਂ ਦੇ ਖਤਰਨਾਕ ਖੇਤਰਾਂ ’ਚੋਂ ਫੇਅਰ ਫਾਰਮਸ ਰਿਜ਼ੋਰਟ, ਵੇਰਕਾ ਮਿੱਲਕ ਪਲਾਂਟ ਬਿ੍ਜ਼, ਵਾਈ ਪੁਆਇੰਟ ਭਗਤ ਸਿੰਘ ਕਾਲੋਨੀ, ਟੀ-ਪੁਆਇੰਟ ਜ਼ਿੰਦਾ ਰੋਡ, ਜੋਤੀ ਚੌਕ, ਸ਼ੀਤਲ ਨਗਰ ਮਕਸੂਦਾ, ਟੌਗੋਰ ਹਸਪਤਾਲ, ਗੜਾ ਰੋਡ, ਚੁਨਮੁਨ ਚੌਕ, ਪਠਾਨਕੋਟ ਚੌਕ, ਲੰਬਾ ਪਿੰਡ ਚੌਕ ਆਦਿ ਹਨ। ਉਕਤ ਥਾਵਾਂ ’ਤੇ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ, ਜਿਸ ਕਾਰਨ ਲੋਕਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ।