BSF ਨੇ 30 ਜ਼ਰੂਰਤਮੰਦ ਕੁੜੀਆਂ ਨੂੰ ਵੰਡੇ ਸਾਈਕਲ ਤੇ ਬੈਗ
Saturday, Feb 16, 2019 - 01:04 PM (IST)
ਜਲਾਲਾਬਾਦ(ਸੁਨੀਲ)— ਆਏ ਦਿਨ ਕੁੜੀਆਂ ਨਾਲ ਵਾਪਰ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਹੁਣ ਬੀ.ਐੱਸ.ਐੱਫ. ਨੇ ਦੇਸ਼ ਦੀ ਰੱਖਿਆ ਦੇ ਨਾਲ-ਨਾਲ ਸਰਹੱਦੀ ਇਲਾਕੇ ਦੀਆਂ ਕੁੜੀਆਂ ਦੀ ਸੁਰੱਖਿਆ ਦਾ ਬੀੜਾ ਵੀ ਚੁੱਕ ਲਿਆ ਹੈ। ਜਲਾਲਾਬਾਦ ਅਧੀਨ ਪੈਂਦੀ ਕੌਮਾਂਤਰੀ ਸਰਹੱਦ ਦੀ ਨੋਬਹਿਰਾਮ ਸਰਹੱਦੀ ਚੌਕੀ ਦੀ ਸੁਰੱਖਿਆ ਫੋਰਸ ਬਟਾਲੀਅਨ ਨੰਬਰ 2 ਨੇ ਪਿੰਡ ਵਾਸੀਆਂ ਨਾਲ ਆਪਸੀ ਤਾਲਮੇਲ ਵਧਾਉਣ ਦੇ ਉਦੇਸ਼ ਨਾਲ ਸਿੱਖਿਆ ਗ੍ਰਹਿਣ ਕਰਨ ਵਾਲੀਆਂ 30 ਜ਼ਰੂਰਤਮੰਦ ਕੁੜੀਆਂ ਨੂੰ ਸਾਈਕਲ ਤੇ ਸਕੂਲੀ ਬੈਗ ਵੰਡੇ ਹਨ, ਜਿਸ ਨਾਲ ਇਕ ਤਾਂ ਕੁੜੀਆਂ ਸਕੂਲਾਂ ਵਿਚ ਸਮੇਂ 'ਤੇ ਪਹੁੰਚ ਸਕਦੀਆਂ ਹਨ ਅਤੇ ਛੁੱਟੀ ਸਮੇਂ ਰਸਤੇ ਨੂੰ ਜਲਦੀ ਤੈਅ ਕਰਕੇ ਆਪਣੇ ਘਰ ਪਹੁੰਚ ਸਕਦੀਆਂ ਹਨ। ਬੀ.ਐੱਸ.ਐੱਫ. ਦੇ ਇਸ ਕੰਮ ਦੀ ਇਲਾਕੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਹਨ।
ਬੀ.ਐੱਸ.ਐੱਫ. ਦੇ ਡੀ.ਆਈ.ਜੀ. ਟੀਆਰ ਮੀਨਾ ਨੇ ਦੱਸਿਆ ਕਿ ਸਰਹੱਦੀ ਸੁਰੱਖਿਆ ਫੋਰਸ ਹਰ ਸਾਲ ਬਾਰਡਰ 'ਤੇ ਰਹਿਣ ਵਾਲੇ ਪਿੰਡ ਵਾਸੀਆਂ ਲਈ ਸਮੇਂ-ਸਮੇਂ 'ਤੇ ਮੈਡੀਕਲ ਕੈਂਪ ਅਤੇ ਹੋਰ ਸਹਾਇਤਾ ਲਈ ਕੰਮ ਕਰਦੀ ਰਹਿੰਦੀ ਹੈ ਪਰ ਇਸ ਵਾਰ ਕੁੱਝ ਵੱਖ ਕਰਨ ਅਤੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਬੀ.ਐੱਸ.ਐੱਫ. ਨੇ ਜ਼ਰੂਰਤਮੰਦ ਸਕੂਲੀ ਕੁੜੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਾਈਕਲ ਅਤੇ ਸਕੂਲ ਬੈਗ ਵੰਡੇ ਹਨ।