ਬਜਟ ਖਿਲਾਫ ਜੇਤਲੀ ਦੇ ਪੁਤਲੇ ਫੂਕੇ
Wednesday, Feb 07, 2018 - 05:19 AM (IST)
ਤਪਾ ਮੰਡੀ/ਪੱਖੋ ਕਲਾਂ, (ਸ਼ਾਮ, ਗਰਗ, ਰਜਿੰਦਰ)— ਪਿੰਡ ਧੌਲਾ ਵਿਖੇ ਭਾਕਿਯੂ (ਉਗਰਾਹਾਂ) ਨੇ ਗੁਰਮੇਲ ਸਿੰਘ ਪ੍ਰਧਾਨ ਦੀ ਅਗਵਾਈ 'ਚ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਆਮ ਕੇਂਦਰੀ ਬਜਟ 'ਚ ਕਿਸਾਨਾਂ ਦੇ ਹਿੱਤ ਦੀ ਕੋਈ ਗੱਲ ਨਹੀਂ ਕੀਤੀ ਗਈ। ਇਹ ਬਜਟ ਕਿਸਾਨ ਮਾਰੂ ਹੈ। ਕਿਸਾਨ ਆਗੂ ਰੂਪ ਸਿੰਘ ਬਲਾਕ ਮੀਤ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਕਿਸਾਨਾਂ ਪ੍ਰਤੀ ਸੋਚ ਉਸਾਰੂ ਨਹੀਂ ਹੈ ਬਲਕਿ ਜਾਰੀ ਕੀਤੀਆਂ ਨੀਤੀਆਂ ਨਾਲ ਕਿਸਾਨ ਖੁਦਕੁਸ਼ੀਆਂ 'ਚ ਵਾਧਾ ਹੋਇਆ ਹੈ। ਇਸ ਮੌਕੇ ਗੁਰਮੀਤ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਨਾਇਬ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਪਾਲ ਸਿੰਘ, ਕਾਲਾ ਸਿੰਘ, ਨਿਰਮਲ ਸਿੰਘ, ਮੇਘ ਨਾਥ ਆਦਿ ਕਿਸਾਨ ਹਾਜ਼ਰ ਹੋਏ।
ਭਵਾਨੀਗੜ੍ਹ, (ਵਿਕਾਸ)— ਪਿੰਡ ਚੰਨੋ ਵਿਖੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ 7 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬਲਾਕ ਪ੍ਰਧਾਨ ਅਜਾਇਬ ਸਿੰਘ ਲੱਖੇਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ । ਇਸ ਮੌਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਜਟ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਭਾਕਿਯੂ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਵਾਧਾ ਹੋਇਆ ਹੈ। ਇਸ ਮੌਕੇ ਬਲਵਿੰਦਰ ਲੱਖੇਵਾਲ, ਪੰਜਾਬ ਸਿੰਘ, ਸੁਖਵਿੰਦਰ ਸਿੰਘ ਕਾਲਾਝਾੜ, ਗੁਰਮੇਲ ਮੁਨਸ਼ੀਵਾਲਾ, ਅਮਰਜੀਤ ਸਿੰਘ ਤੇ ਨਛੱਤਰ ਸਿੰਘ ਚੰਨੋ ਆਦਿ ਹਾਜ਼ਰ ਸਨ ।
ਲਹਿਰਾਗਾਗਾ, (ਜਿੰਦਲ, ਗਰਗ)— ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਨੇ ਪਿੰਡ ਭੁਟਾਲ ਕਲਾਂ ਅਤੇ ਢੀਂਡਸਾ ਵਿਖੇ ਬਹਾਦਰ ਸਿੰਘ ਭੁਟਾਲ ਖੁਰਦ ਦੀ ਅਗਵਾਈ 'ਚ ਸਰਕਾਰ ਦੀ ਅਰਥੀ ਫੂਕੀ । ਇਸ ਤੋਂ ਪਹਿਲਾਂ ਪਿੰਡਾਂ 'ਚ ਰੈਲੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਬਜਟ ਕੇਂਦਰ ਸਰਕਾਰ ਨੇ ਪੇਸ਼ ਕੀਤਾ ਹੈ, ਉਸ 'ਚ ਆਮ ਲੋਕਾਂ ਨੂੰ ਨਿਰਾਸ਼ਾ ਹੀ ਮਿਲੀ ਹੈ। ਬਜਟ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਸਬੰਧੀ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ । ਕਿਸਾਨਾਂ, ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਦੀ ਕੋਈ ਵੀ ਗੱਲ ਨਹੀਂ ਕੀਤੀ, ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਪਰਾਲੀ ਦੇ ਮੁੱਦੇ 'ਤੇ ਸਰਕਾਰ ਨੇ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ। ਇਸ ਮੌਕੇ ਰਾਮ ਸਿੰਘ ਨੰਗਲਾ, ਜਨਕ ਸਿੰਘ ਭੁਟਾਲ, ਭੋਲਾ ਭੁਟਾਲ, ਕਰਨੈਲ ਗਨੌਟਾ, ਧਰਮਿੰਦਰ ਸਿੰਘ, ਪਾਲ ਢੀਂਡਸਾ, ਧਰਮਪਾਲ ਢੀਂਡਸਾ, ਰਾਮ ਢੀਂਡਸਾ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।
