ਗੌਰਮਿੰਟ ਟੀਚਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ ਮੋਰਚਾ, ਭਲਕੇ ਮੋਗਾ ’ਚ ਹੋਵੇਗੀ ਸੂਬਾ ਪੱਧਰੀ ਇਨਸਾਫ ਰੈਲੀ
Friday, Jan 16, 2026 - 11:49 PM (IST)
ਅੰਮ੍ਰਿਤਸਰ (ਦਲਜੀਤ) - ਪਿਛਲੇ ਸਮੇਂ ਦੌਰਾਨ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਜਾਨ ਗਵਾਉਣ ਵਾਲੇ ਮੋਗਾ ਜ਼ਿਲੇ ਦੇ ਅਧਿਆਪਕ ਪਤੀ-ਪਤਨੀ ਦੇ ਪ੍ਰਤੀ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਅਪਣਾਏ ਜਾ ਰਹੇ ਵਤੀਰੇ ਨੂੰ ਦੇਖਦਿਆਂ ਹੋਇਆ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ। ਯੂਨੀਅਨ ਵੱਲੋਂ 18 ਜਨਵਰੀ ਨੂੰ ਮੋਗਾ ਵਿਖੇ ਸਰਕਾਰ ਖਿਲਾਫ ਸੂਬਾ ਪੱਧਰੀ ਇਨਸਾਫ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਅੰਮ੍ਰਿਤਸਰ ਦੇ ਪ੍ਰਧਾਨ ਸੁੱਚਾ ਸਿੰਘ ਟਰਪਈ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਜਨਰਲ ਸਕੱਤਰ ਹਰਵਿੰਦਰ ਸਿੰਘ ਸੁਲਤਾਨਵਿੰਡ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਆਪਣੀ ਜਾਨ ਗਵਾਉਣ ਵਾਲੇ ਮੋਗਾ ਜ਼ਿਲੇ ਦੇ ਅਧਿਆਪਕ ਪਤੀ-ਪਤਨੀ ਦੇ ਪ੍ਰਤੀ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਵਤੀਰਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ।
ਅਧਿਆਪਕ ਜੋੜੇ ਦੇ ਭੋਗ ਨੂੰ ਪਏ ਵੀ ਕਾਫੀ ਦਿਨ ਹੋ ਗਏ ਹਨ ਪਰ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮ੍ਰਿਤਕ ਅਧਿਆਪਕਾ ਜੋੜੇ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਬਾਅਦ ਸਰਕਾਰੀ ਨੌਕਰੀ ਅਤੇ ਗੁਜ਼ਾਰੇ ਲਈ ਤਸੱਲੀਬਖਸ਼ ਮੁਆਵਜ਼ਾ ਦੇਣ ਲਈ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਸਰਕਾਰ ਦਾ ਅਧਿਆਪਕ ਜੋੜੇ ਦੇ ਪਰਿਵਾਰ ਪ੍ਰਤੀ ਮਤਰੇਆ ਸਲੂਕ ਜ਼ਾਹਰ ਹੋ ਰਿਹਾ ਹੈ, ਜਿਸ ਦੇ ਰੋਸ ਵਜੋਂ ਅਧਿਆਪਕ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਮੋਗਾ ਵਿਖੇ ਰੋਹ ਭਰਪੂਰ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਭਰ ਤੋਂ ਵੱਡੀ ਗਿਣਤੀ ’ਚ ਸ਼ਾਮਲ ਹੋਵੇਗੀ।
ਇਸ ਰੈਲੀ ਨੂੰ ਸਫਲ ਬਣਾਉਣ ਲਈ ਜੀ. ਟੀ. ਯੂ. ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਗੌਰਮੈਂਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਨਕਲਾਬ ਦਾ ਵਾਅਦਾ ਕਰ ਕੇ ਆਈ ‘ਆਪ’ ਸਰਕਾਰ ਅਤੇ ਉਸ ਦਾ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨਾਲ ਮਿਲਣ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਵੀ ਮੁਨਕਰ ਹੋ ਚੁੱਕਿਆ ਹੈ। ਪੰਜਾਬ ਦਾ ਮੁੱਖ ਮੰਤਰੀ, ਇਨ੍ਹਾਂ ਦੇ ਮੰਤਰੀ ਅਤੇ ਇਨ੍ਹਾਂ ਦਾ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਿੱਖਿਆ ਕ੍ਰਾਂਤੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਅਧਿਆਪਕ ਦੇ ਪਰਿਵਾਰ ਦਾ ਹਾਲ-ਚਾਲ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ।
ਇਸ ਮੌਕੇ ਹਰਪ੍ਰੀਤ ਸਿੰਘ ਸੋਹੀਆਂ, ਹੀਰਾ ਸਿੰਘ ਭੱਟੀ, ਹਰਮਨਦੀਪ ਸਿੰਘ ਭੰਗਾਲੀ, ਨਵਜੋਤ ਸਿੰਘ ਰਤਨ, ਪ੍ਰੀਤਮਹਿੰਦਰ ਸਿੰਘ, ਸੁਰਜੀਤ ਸਿੰਘ, ਯਾਦਵਿੰਦਰ ਸਿੰਘ ਸੰਧੂ, ਰਵੀਇੰਦਰ ਸਿੰਘ, ਜਗਦੀਪ ਸਿੰਘ ਜਲਾਲਪੁਰਾ, ਸਤਨਾਮ ਸਿੰਘ ਜੱਸੜ, ਦਿਲਬਰਜੀਤ ਵਿਛੋਆ, ਦਲਜੀਤ ਸਿੰਘ ਸੁਧਾਰ, ਸਤਨਾਮ ਸਿੰਘ, ਨਵਤੇਜ ਸਿੰਘ ਖਿਲਚੀਆਂ, ਇੰਦਰਪ੍ਰੀਤ ਸਿੰਘ, ਕਰਨਜੀਤ ਸਿੰਘ ਸੀ. ਐੱਚ. ਟੀ, ਹਰਵਿੰਦਰ ਸਿੰਘ ਜਲਾਲਾਬਾਦ, ਅਮਿਤ ਕੁਮਾਰ ਸੁੰਦਰ, ਸਤਨਾਮ ਸਿੰਘ ਮਾਹਲ, ਬਲਵਿੰਦਰ ਸਿੰਘ ਭੱਟੀ, ਸਰਬਜੀਤ ਸਿੰਘ ਖਾਸਾ, ਜਗਜੀਤ ਸਿੰਘ ਗਿੱਲ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਮਰੜੀ, ਵਿਪਨ ਕੁਮਾਰ, ਮੰਗਲ ਸਿੰਘ ਟਾਂਡਾ ਆਦਿ ਹਾਜ਼ਰ ਸਨ।
