30 ਲੱਖ ਦੀ ਰਿਸ਼ਵਤ ਕਾਂਡ ''ਚ ਘਿਰੇ AAP ਵਿਧਾਇਕ ਖਿਲਾਫ ED ਕੋਲ ਪਹੁੰਚਾਈ ਸ਼ਿਕਾਇਤ
Monday, Jan 26, 2026 - 07:03 PM (IST)
ਚੰਡੀਗੜ੍ਹ- ਗਣਤੰਤਰ ਦਿਵਸ ਦੇ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਵਿਧਾਇਕ 'ਤੇ ਲੱਗੇ 30 ਲੱਖ ਰੁਪਏ ਦੀ ਰਿਸ਼ਵਤ ਦੇ ਗੰਭੀਰ ਇਲਜ਼ਾਮਾਂ ਨੇ ਸਿਆਸੀ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਅਤੇ ਸਾਬਕਾ ਪੁਲਸ ਅਧਿਕਾਰੀ ਡਾ. ਗੌਰਵ ਅਰੋੜਾ ਨੇ ਹਰਕਤ ਵਿੱਚ ਆਉਂਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੂੰ ਇੱਕ ਰਸਮੀ ਸ਼ਿਕਾਇਤ ਭੇਜ ਕੇ ਤੁਰੰਤ ਜਾਂਚ ਦੀ ਮੰਗ ਕੀਤੀ ਹੈ।
ਐਡਵੋਕੇਟ ਅਰੋੜਾ ਵੱਲੋਂ ED ਦੇ ਡਾਇਰੈਕਟਰ ਨੂੰ ਭੇਜੀ ਗਈ ਸ਼ਿਕਾਇਤ ਅਨੁਸਾਰ, 26 ਜਨਵਰੀ 2026 ਨੂੰ ਇੱਕ ਸਰਕਾਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਜਨਤਕ ਤੌਰ 'ਤੇ ਇਹ ਗੰਭੀਰ ਦੋਸ਼ ਲਗਾਏ ਗਏ ਸਨ। ਇਲਜ਼ਾਮ ਹੈ ਕਿ ਨਗਰ ਕੌਂਸਲ ਪ੍ਰਧਾਨ ਦੀ ਪੋਸਟ ਹਾਸਲ ਕਰਨ ਲਈ ਇੱਕ ਮੌਜੂਦਾ ਵਿਧਾਇਕ ਨੂੰ 30 ਲੱਖ ਰੁਪਏ ਦੀ ਰਾਸ਼ੀ ਰਿਸ਼ਵਤ ਵਜੋਂ ਦਿੱਤੀ ਗਈ ਸੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਸ਼ਿਕਾਇਤ ਦੇ ਨਾਲ ਨੱਥੀ ਕੀਤਾ ਗਿਆ ਹੈ।

ਡਾ. ਗੌਰਵ ਅਰੋੜਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇਹ ਮਾਮਲਾ ਜਨਤਕ ਅਹੁਦੇ ਦੀ ਦੁਰਵਰਤੋਂ, ਬਿਨਾਂ ਹਿਸਾਬ ਦੇ ਪੈਸੇ ਦੀ ਵਰਤੋਂ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ED ਨੂੰ ਅਪੀਲ ਕੀਤੀ ਹੈ ਕਿ 'ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ' (PMLA), 2002 ਤਹਿਤ ਇਸ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕੀਤੀ ਜਾਵੇ ਤਾਂ ਜੋ ਇਸ ਰਿਸ਼ਵਤ ਦੇ ਸਰੋਤ ਅਤੇ ਪੈਸੇ ਦੇ ਲੈਣ-ਦੇਣ ਦੀ ਅਸਲੀਅਤ ਸਾਹਮਣੇ ਆ ਸਕੇ।
ਐਡਵੋਕੇਟ ਅਰੋੜਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਸ਼ਿਕਾਇਤ ਨਿੱਜੀ ਸਮਰੱਥਾ ਅਤੇ ਜਨਤਕ ਹਿੱਤ ਵਿੱਚ ਦਰਜ ਕਰਵਾਈ ਹੈ, ਕਿਉਂਕਿ ਇਸ ਵਿੱਚ ਚੁਣੇ ਹੋਏ ਨੁਮਾਇੰਦਿਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜਿਹੇ ਇਲਜ਼ਾਮਾਂ ਦੀ ਜਾਂਚ ਨਾ ਹੋਣਾ ਸ਼ਾਸਨ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਇਸ ਸ਼ਿਕਾਇਤ 'ਤੇ ਕੀ ਕਾਰਵਾਈ ਅਮਲ ਵਿੱਚ ਲਿਆਉਂਦਾ ਹੈ।
