ਫਾਜ਼ਿਲਕਾ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਐੱਸ. ਐੱਚ. ਓ. ਬਦਲੇ, ਵਿਧਾਇਕ ਸਵਨਾ ਨੇ ਦਿੱਤੇ ਸਖ਼ਤ ਹੁਕਮ
Saturday, Jan 17, 2026 - 04:31 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਪਾਲ ਸਵਨਾ ਵੱਲੋਂ ਫਾਜ਼ਿਲਕਾ ਦੇ ਐੱਸ. ਐੱਸ. ਪੀ. ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਥਾਣਿਆਂ ਦੇ ਐੱਸ. ਐੱਚ. ਓਜ਼. ਨੂੰ ਬਦਲਣ ਦੇ ਸਖ਼ਤ ਹੁਕਮ ਜਾਰੀ ਕੀਤੇ। ਇਨ੍ਹਾਂ ਹੁਕਮਾਂ ਤਹਿਤ ਫਾਜ਼ਿਲਕਾ ਦੇ ਸਿਟੀ ਥਾਣਾ, ਸਦਰ ਥਾਣਾ, ਥਾਣਾ ਖੂਈਖੇੜਾ ਅਤੇ ਲਾਧੂਕਾ ਚੌਂਕੀ ਦਾ ਇੰਚਾਰਜ ਵੀ ਬਦਲ ਦਿੱਤਾ ਗਿਆ ਹੈ। ਫਾਜ਼ਿਲਕਾ ਦੇ ਸਿਟੀ ਥਾਣੇ 'ਚ ਸਚਿਨ ਕੰਬੋਜ, ਸਦਰ ਥਾਣੇ 'ਚ ਪ੍ਰਗਟ ਸਿੰਘ, ਖੂਈਖੇੜਾ ਵਿਖੇ ਹਰਦੇਵ ਸਿੰਘ ਬੇਦੀ ਅਤੇ ਬਲਕਾਰ ਸਿੰਘ ਨੂੰ ਚੌਂਕੀ ਲਾਧੂਕਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਦਰਅਸਲ ਸ਼ਹਿਰ 'ਚ ਚੋਰੀ-ਚਕਾਰੀ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ। ਹਾਲਾਂਕਿ ਪੁਲਸ ਨੇ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਅਤੇ ਰਿਕਵਰੀ ਵੀ ਕੀਤੀ। ਇਸ ਦੇ ਬਾਵਜੂਦ ਘਟਨਾਵਾਂ 'ਚ ਵਾਧਾ ਹੋਇਆ। ਵਪਾਰੀਆਂ ਵੱਲੋਂ ਬੀਤੇ ਦਿਨੀਂ ਅੱਧੇ ਦਿਨ ਦਾ ਸ਼ਹਿਰ ਵੀ ਬੰਦ ਕਰਵਾਇਆ ਗਿਆ। ਇਸ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਵਨਾ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਟਰੇਡ ਕਮਿਸ਼ਨ ਦੇ ਅਹੁਦੇਦਾਰਾਂ, ਵਪਾਰੀਆਂ ਨਾਲ ਮੀਟਿੰਗ ਕੀਤੀ। ਫਿਰ ਵਿਧਾਇਕ ਦੀ ਐੱਸ. ਐੱਸ. ਪੀ. ਨਾਲ ਮੀਟਿੰਗ ਹੋਈ ਤਾਂ ਇਹ ਉਕਤ ਤਬਾਦਲਿਆਂ ਬਾਰੇ ਫ਼ੈਸਲਾ ਲਿਆ ਗਿਆ।
