ਗੈਂਗਸਟਰ ਗੌਂਡਰ ਦਾ ਸਾਥੀ ਗਿਆਨ ਲੁਧਿਆਣਾ ਦੀ ਸੈਂਟਰਲ ਜੇਲ ''ਚ ਸ਼ਿਫਟ

Thursday, Jun 29, 2017 - 02:51 AM (IST)

ਲੁਧਿਆਣਾ(ਜ.ਬ.)-ਮੋਸਟ ਵਾਂਟਡ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਅਤੇ ਗੁਰਦਾਸਪੁਰ ਦੇ ਕਾਹਨੂੰਵਾਲ 'ਚ ਹੋਏ ਤੀਹਰੇ ਕਤਲਕਾਂਡ ਦਾ ਦੋਸ਼ੀ ਗਿਆਨ ਖੁਰਲ ਉਰਫ ਗਿਆਨਾ, ਜਿਸ ਨੂੰ ਗੁਰਦਾਸਪੁਰ ਪੁਲਸ ਪਾਰਟੀ ਵੱਲੋਂ ਇਕ ਇਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਲੁਧਿਆਣਾ ਦੀ ਸੈਂਟਰਲ ਜੇਲ ਵਿਚ ਸ਼ਿਫਟ ਕਰਨ ਦੀ ਖ਼ਬਰ ਹੈ, ਜਿਸਦੀ ਪੁਸ਼ਟੀ ਕਰਦਿਆਂ ਸੁਪਰਡੈਂਟ ਜੇਲ ਐੱਸ. ਪੀ. ਖੰਨਾ ਨੇ ਦੱਸਿਆ ਕਿ ਦੋਸ਼ੀ ਨੂੰ ਹੋਰ ਕੈਦੀਆਂ ਤੋਂ ਵੱਖ ਰੱਖਣ ਦੀ ਨੀਤੀ ਤਿਆਰ ਕੀਤੀ ਗਈ ਹੈ। ਗਿਆਨ ਖੁਰਲ ਹਾਈ ਸਕਿਓਰਟੀ ਨਾਭਾ ਜੇਲ ਬ੍ਰੇਕ ਕਾਂਡ ਨੂੰ ਅੰਜਾਮ ਦੇਣ ਵਾਲੀ ਗੈਂਗਸਟਰਾਂ ਦੀ ਟੀਮ 'ਚ ਵੀ ਸ਼ਾਮਲ ਸੀ, ਜਿਸ 'ਚ ਅੱਤਵਾਦੀ ਮਿੰਟੂ, ਗੌਂਡਰ ਸਮੇਤ ਹੋਰ ਦੋਸ਼ੀਆਂ ਨੂੰ ਛੁਡਾਇਆ ਗਿਆ ਸੀ। ਦੋਸ਼ੀ ਗਿਆਨ ਪੁਲਸ ਵਰਦੀ ਵਿਚ ਪਹੁੰਚੇ ਦੋਸ਼ੀਆਂ ਦੇ ਨਾਲ ਸੀ। ਇਸ ਵਾਰਦਾਤ ਦੇ ਉਪਰੰਤ ਜਦ ਪੂਰੇ ਪੰਜਾਬ ਦੀ ਪੁਲਸ ਇਨ੍ਹਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀ ਸੀ ਤਾਂ ਇਸ ਨੇ ਗੌਂਡਰ ਅਤੇ ਸੁੱਖ ਭਿਖਾਰੀਨਾਲਾ ਨਾਲ ਮਿਲ ਕੇ ਗੁਰਦਾਸਪੁਰ ਦੇ ਕਾਹਨੂੰਵਾਲਾ ਪੁਲ ਦੇ ਨੇੜੇ ਘਾਤ ਲਾ ਕੇ ਅਦਾਲਤ 'ਚ ਪੇਸ਼ੀ ਭੁਗਤ ਕੇ ਵਾਪਸ ਜਾ ਰਹੇ ਵਿਰੋਧੀ ਗੈਂਗ ਦੇ ਮੈਂਬਰਾਂ 'ਤੇ ਹਮਲਾ ਕਰ ਦਿੱਤਾ ਸੀ, ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਗੁਰਦਾਸਪੁਰ ਪੁਲਸ ਨਾਲ ਹੋਈ ਮੁੱਠਭੇੜ ਉਪਰੰਤ ਗਿਆਨਾ ਨੂੰ 11 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਦੇ ਬਾਅਦ ਉਹ ਪੁਲਸ ਰਿਮਾਂਡ 'ਤੇ ਚੱਲ ਰਿਹਾ ਸੀ। ਰਿਮਾਂਡ ਖਤਮ ਹੋਣ ਤੋਂ ਪਹਿਲਾਂ ਹੀ ਪੁਲਸ ਨੂੰ ਇਹ ਖ਼ਬਰਾਂ ਮਿਲਣ ਲੱਗੀਆਂ ਸੀ ਕਿ ਜੇਕਰ ਗੁਰਦਾਸਪੁਰ ਜੇਲ ਭੇਜਿਆ ਜਾਂਦਾ ਹੈ ਤਾਂ ਉਥੇ ਬੰਦ ਉਸ ਦੇ ਵਿਰੋਧੀ ਗੈਂਗ ਦੇ ਮੈਂਬਰ ਇਸ 'ਤੇ ਹਮਲਾ ਕਰ ਕੇ ਨੁਕਸਾਨ ਪਹੁੰਚਾ ਸਕਦੇ, ਜਿਸ ਕਾਰਨ ਪੁਲਸ ਅਤੇ ਜੇਲ ਪ੍ਰਸ਼ਾਸਨ ਨੇ ਉਸ ਨੂੰ ਲੁਧਿਆਣਾ ਸੈਂਟਰਲ ਜੇਲ ਸ਼ਿਫਟ ਕਰਨ ਦਾ ਫੈਸਲਾ ਲਿਆ।


Related News