ਕੋਲਡ ਸਟੋਰਾਂ ''ਚ ਪਏ ਕਰੋੜਾਂ ਦੇ ਆਲੂ ਹੋਏ ਮਿੱਟੀ
Monday, Jan 29, 2018 - 08:10 AM (IST)
ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਇਕ ਪਾਸੇ ਜਿਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਰਕਾਰ ਦੀਆਂ ਦਲੀਲਾਂ ਮੰਨ ਕੇ ਆਲੂਆਂ ਦੀ ਕਾਸ਼ਤ ਕਰਨ ਵਾਲੇ ਪੰਜਾਬ ਦੇ ਕਿਸਾਨ ਕਸੂਤੀ ਸਥਿਤੀ 'ਚ ਫਸ ਗਏ ਹਨ ਕਿਉਂਕਿ ਪਿਛਲੇ ਤਿੰਨ ਵਰ੍ਹਿਆਂ ਤੋਂ ਆਲੂਆਂ ਦੀ ਫਸਲ ਦਾ ਸਹੀ ਭਾਅ ਨਾ ਮਿਲਣ ਕਰ ਕੇ ਕਿਸਾਨ ਵਰਗ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਪੰਜਾਬ 'ਚ ਤਾਂ ਸਥਿਤੀ ਹੁਣ ਇੰਨੀ ਖਰਾਬ ਹੋ ਗਈ ਹੈ ਕਿ ਕੋਲਡ ਸਟੋਰ ਮਾਲਕ ਕਿਸਾਨਾਂ ਵੱਲੋਂ ਸਟੋਰ ਕੀਤੇ ਗਏ ਆਲੂ ਸੜਕਾਂ ਕਿਨਾਰੇ ਮੁਫਤ 'ਚ ਸੁੱਟਣ ਲੱਗੇ ਹਨ।
'ਜਗ ਬਾਣੀ' ਵੱਲੋਂ ਇਸ ਸਬੰਧ 'ਚ ਇਕੱਤਰ ਕੀਤੇ ਗਏ ਵੇਰਵਿਆਂ ਅਨੁਸਾਰ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਕਿਸਾਨ ਵਰਗ ਹੁਣ ਆਲੂਆਂ ਦਾ ਮੰਦਾ ਭਾਅ ਹੋਣ ਕਰ ਕੇ ਨਵੀਂ ਫਸਲ ਦੀ ਪੁਟਾਈ ਕਰਨ ਤੋਂ ਹੀ ਕੰਨੀ ਕਤਰਾਅ ਰਿਹਾ ਹੈ ਕਿਉਂਕਿ ਆਲੂਆਂ ਦੇ ਖਰੀਦਦਾਰ ਵਪਾਰੀ ਨਾ ਹੋਣ ਕਰਕੇ ਕਿਸਾਨਾਂ ਕੋਲ ਹੁਣ ਆਪਣੇ ਖਰਚ 'ਤੇ ਫਸਲ ਦੀ ਪੁਟਾਈ ਕਰਵਾ ਕੇ ਆਲੂਆਂ ਦੀ ਸੰਭਾਲ ਲਈ ਕੋਲਡ ਸਟੋਰਾਂ 'ਚ ਸੰਭਾਲਣ ਲਈ ਖਰਚ ਅਦਾ ਕਰਨ ਦੀ ਸਮਰੱਥਾ ਵੀ ਨਹੀਂ ਹੈ। ਸੂਤਰਾਂ ਦਾ ਦੱਸਣਾ ਹੈ ਕਿ ਪੂਰੇ ਪੰਜਾਬ ਦੇ ਕੋਲਡ ਸਟੋਰਾਂ 'ਚ ਪਿਆ ਘੱਟੋ-ਘੱਟ 25 ਤੋਂ 30 ਫੀਸਦੀ ਆਲੂਆਂ ਦਾ ਸਟਾਕ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਹੈ, ਕੋਲਡ ਸਟੋਰ ਮਾਲਕਾਂ ਕੋਲ ਹੁਣ ਇਨ੍ਹਾਂ ਆਲੂਆਂ ਨੂੰ ਸੜਕਾਂ ਕਿਨਾਰੇ ਸੁੱਟਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਅਨਾਜ ਮੰਡੀ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੇਂ ਆਲੂਆਂ ਦਾ ਭਾਅ ਕਿਸਾਨਾਂ ਨੂੰ ਪ੍ਰਤੀ ਬੋਰੀ 260 ਤੋਂ 280 ਰੁਪਏ ਮਿਲ ਰਿਹਾ ਹੈ, ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਇੰਨੇ ਮੰਦੇ ਭਾਅ ਨਾਲ ਉਨ੍ਹਾਂ ਦਾ ਖਰਚ ਵੀ ਪੂਰਾ ਨਹੀਂ ਹੋ ਰਿਹਾ। ਸ਼ਹਿਰ ਦੇ ਬੁੱਘੀਪੁਰਾ ਚੌਕ ਨੇੜੇ ਸੁੱਟੇ ਆਲੂਆਂ ਸਬੰਧੀ ਸਟੋਰਾਂ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਆਲੂਆਂ ਨੂੰ ਸੁੱਟਣ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ। ਸਟੋਰਾਂ ਵਾਲੇ ਦੱਸਦੇ ਹਨ ਕਿ ਗੁੱਜਰਾਂ ਵਾਲਿਆਂ ਨੂੰ ਵੀ ਮੁਫਤ 'ਚ ਆਲੂ ਚੁਕਵਾਏ ਜਾ ਰਹੇ ਹਨ ਤਾਂ ਜੋ ਉਹ ਆਪਣੇ ਪਸ਼ੂਆਂ ਨੂੰ ਪਾ ਸਕਣ।
ਆਲੂਆਂ ਦੀ ਹੋ ਰਹੀ ਬੇਕਦਰੀ ਰੋਕਣ ਲਈ ਸਰਕਾਰ ਗੰਭੀਰਤਾ ਦਿਖਾਏ : ਜਥੇਦਾਰ ਦੌਧਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਕਿਸਾਨੀ ਕਿੱਤੇ ਨਾਲ ਸਿੱਧਾ ਸਬੰਧ ਰੱਖਣ ਵਾਲੇ ਜਥੇਦਾਰ ਜਗਰਾਜ ਸਿੰਘ ਦੌਧਰ ਦਾ ਕਹਿਣਾ ਸੀ ਕਿ ਆਲੂਆਂ ਦੀ ਬੇਕਦਰੀ ਦਾ ਮਾਮਲਾ ਗੰਭੀਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਝੱਲ ਰਹੇ ਕਿਸਾਨਾਂ 'ਤੇ ਆਲੂਆਂ ਦੇ ਮੰਦੇ ਭਾਅ ਨੇ ਨਵੀਂ ਮੁਸੀਬਤ ਪਾ ਦਿੱਤੀ ਹੈ। ਜਥੇਦਾਰ ਦੌਧਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਅਤੇ ਕੋਲਡ ਸਟੋਰ ਮਾਲਕਾਂ ਨੂੰ ਕੁੱਝ ਰਾਹਤ ਮਿਲ ਸਕੇ, ਨਹੀਂ ਤਾਂ ਅਗਲੇ ਵਰ੍ਹੇ ਤੋਂ ਕਿਸਾਨ ਆਲੂਆਂ ਦੀ ਕਾਸ਼ਤ ਕਰਨ ਤੋਂ ਹੀ ਟਾਲਾ ਵੱਟ ਲੈਣਗੇ।
ਆਲੂਆਂ ਦਾ ਘੱਟ ਤੋਂ ਘੱਟ ਤੋਂ ਸਮਰਥਨ ਮੁੱਲ ਨਿਸ਼ਚਿਤ ਕਰਨ ਲਈ ਕੇਂਦਰ ਸਰਕਾਰ ਜਲਦ ਕਦਮ ਚੁੱਕੇ : ਡਾਲਾ
ਆਲੂ ਉਤਪਾਦਕ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਪਰਮਜੀਤ ਸਿੰਘ ਡਾਲਾ ਦਾ ਕਹਿਣਾ ਹੈ ਕਿ ਨੋਟਬੰਦੀ ਉਪਰੰਤ ਆਲੂਆਂ ਦੇ ਕਾਰੋਬਾਰ 'ਤੇ ਕਰੋੜਾਂ ਰੁਪਏ ਲਾਉਣ ਵਾਲੇ ਵਪਾਰੀ ਵਰਗ ਮਾਰਕੀਟ 'ਚੋਂ ਗਾਇਬ ਚਲੇ ਆ ਰਹੇ ਹਨ, ਜਿਸ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਕੋਲਡ ਸਟੋਰ ਮਾਲਕ ਅਤੇ ਆਲੂ ਉਤਪਾਦਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਹਰ ਸਾਲ 20 ਫੀਸਦੀ ਆਲੂ ਕੋਲਡ ਸਟੋਰਾਂ 'ਚ ਬਕਾਇਆ ਰਹਿ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਆਲੂ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਲਈ ਕੇਂਦਰ ਸਰਕਾਰ ਨੂੰ ਤੁਰੰਤ ਆਲੂਆਂ ਦਾ ਘੱਟ ਤੋਂ ਘੱਟ ਮੁੱਲ ਨਿਸ਼ਚਿਤ ਕਰਨਾ ਚਾਹੀਦਾ ਹੈ।