ਉਧਾਰ ਦਿੱਤੇ ਪੈਸੇ ਮੰਗਣੇ ਪੈ ਗਏ ਮਹਿੰਗੇ, ਗੁਆਉਣੀ ਪਈ ਜਾਨ

Wednesday, Nov 06, 2024 - 01:32 PM (IST)

ਉਧਾਰ ਦਿੱਤੇ ਪੈਸੇ ਮੰਗਣੇ ਪੈ ਗਏ ਮਹਿੰਗੇ, ਗੁਆਉਣੀ ਪਈ ਜਾਨ

ਬੇਗੋਵਾਲ (ਰਜਿੰਦਰ)- ਨੇੜਲੇ ਪਿੰਡ ਨੰਗਲ ਲੁਬਾਣਾ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਨੌਜਵਾਨ ਵੱਲੋਂ ਦੂਜੇ ਨੌਜਵਾਨ ਦੇ ਸਿਰ ਵਿਚ ਗੰਡਾਸੀ ਨਾਲ ਵਾਰ ਕੀਤਾ ਗਿਆ। ਜਿਸ ਦੌਰਾਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ ਵਿਚ ਇਲਾਜ ਦੌਰਾਨ ਚੌਥੇ ਦਿਨ ਮੌਤ ਹੋ ਗਈ। ਹੁਣ ਬੇਗੋਵਾਲ ਪੁਲਸ ਵੱਲੋਂ ਇਸ ਮਾਮਲੇ ਵਿਚ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 

ਇਕੱਤਰ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੰਗਲ ਲੁਬਾਣਾ ਨੇ ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ ਰਾਹੀ ਦੱਸਿਆ ਕਿ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਪਿੰਡ ਵਿਚ ਹੀ ਖੇਤੀਬਾੜੀ ਦਾ ਕੰਮ ਕਾਰ ਕਰਦਾ ਸੀ ਅਤੇ ਉਸ ਨਾਲ ਦਿਲ ਦੀ ਹਰ ਗੱਲ ਸਾਂਝੀ ਕਰ ਲੈਦਾ ਸੀ। ਮਨਪ੍ਰੀਤ ਸਿੰਘ ਨੇ ਉਸ ਨੂੰ ਲਗਭਗ 2 ਮਹੀਨੇ ਪਹਿਲਾਂ ਦੱਸਿਆ ਸੀ ਕਿ ਉਸ ਨੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਨੂੰ 40 ਹਜ਼ਾਰ ਰੁਪਏ ਉਧਾਰੇ ਦਿੱਤੇ ਸਨ, ਜਿਸ ਨੇ ਕਈ ਵਾਰ ਪੈਸੇ ਮੰਗਣ 'ਤੇ ਵਾਪਸ ਨਹੀਂ ਕੀਤੇ, ਜਿਸ ਦਾ ਲਿਖਤੀ ਰਾਜੀਨਾਮਾ ਵੀ ਹੋਇਆ ਸੀ। 

ਇਹ ਵੀ ਪੜ੍ਹੋ- ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ, ਦੂਰ ਹੋ ਗਿਆ ਭੰਬਲਭੂਸਾ

ਇਸੇ ਦੌਰਾਨ ਪਹਿਲੀ ਨਵੰਬਰ ਨੂੰ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਸ਼ਾਮ ਨੂੰ ਉਸ ਕੋਲ ਆਇਆ। ਜਿਸ ਦੇ ਕਹਿਣ 'ਤੇ ਉਹ ਆਪਣੇ ਭਤੀਜੇ ਮਨਪ੍ਰੀਤ ਸਿੰਘ ਦੇ ਪੈਸਿਆਂ ਦੀ ਗੱਲ ਕਰਨ ਲਈ ਗੁਰਪ੍ਰੀਤ ਸਿੰਘ ਦੇ ਘਰ ਜਾ ਰਹੇ ਸੀ ਤਾਂ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਆਪਣੇ ਘਰ ਤੋਂ ਥੋੜ੍ਹਾ ਪਿੱਛੇ ਹੀ ਗਲੀ ਵਿਚ ਮਿਲ ਪਏ। ਜਿੱਥੇ ਮਨਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਉਧਾਰ ਦਿੱਤੇ ਪੈਸਿਆ ਬਾਰੇ ਪੁੱਛਿਆ। ਇਸ ਦੌਰਾਨ ਦੋਵਾਂ ਦੀ ਆਪਸ ਵਿਚ ਤੂੰ-ਤੂੰ, ਮੈਂ-ਮੈਂ ਹੋਣ ਲੱਗ ਪਈ। ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਤੈਸ਼ ਵਿਚ ਆ ਕੇ ਮਨਪ੍ਰੀਤ ਸਿੰਘ ਨੂੰ ਗਾਲਾ ਕੱਢਣ ਲੱਗ ਪਏ। ਇਥੇ ਹੋਏ ਝਗੜੇ ਵਿਚ ਗੁਰਪ੍ਰੀਤ ਸਿੰਘ ਭੱਜ ਕੇ ਆਪਣੇ ਘਰੋਂ ਗੰਡਾਸੀ ਲੈ ਕੇ ਆਇਆ ਤਾਂ ਗੰਡਾਸੀ ਦਾ ਵਾਰ ਮਨਪ੍ਰੀਤ ਸਿੰਘ ਦੇ ਸਿਰ ਵਿਚ ਕੀਤਾ। ਜਿਸ 'ਤੇ ਮਨਪ੍ਰੀਤ ਸਿੰਘ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਉਸ ਨੇ ਅਤੇ ਉਸ ਦੇ ਭਰਾ ਲਖਵਿੰਦਰ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਮਨਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਭੁਲੱਥ ਲਿਆਂਦਾ। ਜਿੱਥੇ ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਕਪੂਰਥਲਾ ਪੁੱਜਣ 'ਤੇ ਉੱਥੇ ਡਿਊਟੀ ਡਾਕਟਰ ਨੇ ਚੈਕ ਕਰਨ ਤੋਂ ਬਾਅਦ ਇਲਾਜ ਲਈ ਗੁਰੂ ਨਾਨਕ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜਿੱਥੇ ਮਨਪ੍ਰੀਤ ਸਿੰਘ ਦੀ 4 ਨਵੰਬਰ ਨੂੰ ਸਿਰ ਵਿਚ ਜਿਆਦਾ ਸੱਟ ਹੋਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। 

ਇਹ ਸਾਰੀ ਘਟਨਾ ਉਸ ਨੇ ਆਪਣੇ ਅੱਖੀਂ ਵੇਖੀ ਹੈ। ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਨੇ ਉਧਾਰੇ ਦਿੱਤੇ ਪੈਸੇ ਮੰਗਣ 'ਤੇ ਮਨਪ੍ਰੀਤ ਸਿੰਘ ਨੂੰ ਰੰਜਿਸ਼ ਵਿਚ ਗਹਿਰੀ ਸੱਟ ਮਾਰੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਕਤ ਦੋਵਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਬੇਗੋਵਾਲ ਪੁਲਸ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸ ਦੀ ਪਤਨੀ ਰਮਨਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐੱਸ. ਐੱਚ. ਓ. ਬੇਗੋਵਾਲ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਮੁਲਜਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਦੀਵਾਲੀ ਤੋਂ ਇਕ ਦਿਨ ਪਹਿਲਾਂ ਖ਼ਰੀਦਿਆ ਸੀ ਮੋਟਰਸਾਈਕਲ, ਵਾਪਰੇ ਭਾਣੇ ਨੇ ਘਰ 'ਚ ਵਿਛਾ ਦਿੱਤੇ ਸੱਥਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News