2 ਦਰਜਨ ਤੋਂ ਵੱਧ ਜਿਊਲਰਸ ਦਾ ਕਰੋੜਾਂ ਦਾ ਸੋਨਾ ਲੈ ਕੇ ਫ਼ਰਾਰ ਹੋਏ ਬਾਪ-ਬੇਟਿਆਂ ’ਤੇ ਮਾਮਲਾ ਦਰਜ
Tuesday, Nov 05, 2024 - 03:19 AM (IST)
ਜਲੰਧਰ (ਰਮਨ) – ਥਾਣਾ ਨੰਬਰ 2 ਇਲਾਕੇ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਦਾ ਗਹਿਣੇ ਬਣਾਉਣ ਵਾਲਾ ਇਕ ਵਿਅਕਤੀ ਕਈ ਦੁਕਾਨਦਾਰਾਂ ਦਾ ਕਰੋੜਾਂ ਦਾ ਸੋਨਾ ਲੈ ਕੇ ਫ਼ਰਾਰ ਹੋ ਗਿਆ। 3 ਦਿਨ ਤਕ ਦੁਕਾਨਾਂ ਬੰਦ ਰਹਿਣ ਤੋਂ ਬਾਅਦ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਧੋਖਾਧੜੀ ਦੀ ਜਾਣਕਾਰੀ ਹੋਈ। ਸੋਮਵਾਰ ਨੂੰ ਬਾਜ਼ਾਰ ਦੇ ਕਈ ਦੁਕਾਨਦਾਰਾਂ ਨੇ ਦੁਕਾਨ ਦੇ ਬਾਹਰ ਹੰਗਾਮਾ ਕੀਤਾ।
ਹੰਗਾਮੇ ਦੌਰਾਨ ਉਨ੍ਹਾਂ ਕਿਹਾ ਕਿ ਮੁਲਜ਼ਮ ਮਨੀ ਮਾਰਕੀਟ ਦੇ 20 ਤੋਂ ਵੱਧ ਦੁਕਾਨਦਾਰਾਂ ਤੋਂ 15 ਕਿਲੋ ਤੋਂ ਵੱਧ ਸੋਨਾ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਮਨੀ ਤੋਂ ਸੋਨੇ ਦੇ ਗਹਿਣੇ ਬਣਵਾਉਣ ਦਾ ਕੰਮ ਕਰਦੇ ਹਨ। ਮਨੀ ਨੇ 3 ਦਿਨ ਤਕ ਬਾਜ਼ਾਰ ਵਿਚ ਆਪਣੀ ਦੁਕਾਨ ਨਹੀਂ ਖੋਲ੍ਹੀ ਤਾਂ ਉਨ੍ਹਾਂ ਮਨੀ ਨਾਲ ਗੱਲ ਕਰਨ ਲਈ ਉਸਦੇ ਨੰਬਰ ’ਤੇ ਕਾਲ ਕੀਤੀ ਪਰ ਉਸਦਾ ਮੋਬਾਈਲ ਬੰਦ ਸੀ। ਉਹ ਉਸ ਦੇ ਪਿਤਾ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਮਨੀ ਘਰ ਨਹੀਂ ਆਇਆ।
ਉਸਨੂੰ ਸ਼ੱਕ ਸੀ ਕਿ ਭਰਾ ਅਤੇ ਪਿਤਾ ਨੂੰ ਪਤਾ ਸੀ ਕਿ ਮਨੀ ਕਿੱਥੇ ਹੈ ਅਤੇ ਉਨ੍ਹਾਂ ਨੇ ਸੋਨਾ ਲੁਕਾਇਆ ਹੈ। ਪੁਲਸ ਨੇ 2 ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ 3 ਵਿਅਕਤੀਆਂ ਮਨੀ ਵਰਮਾ, ਉਸਦੇ ਭਰਾ ਸੰਨੀ ਵਰਮਾ ਅਤੇ ਪਿਤਾ ਅਸ਼ਵਨੀ ਵਰਮਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਧੋਖਾਧੜੀ ਦੀ ਜਾਣਕਾਰੀ ਹੋਣ ’ਤੇ ਸੋਮਵਾਰ ਨੂੰ ਕਈ ਦੁਕਾਨਦਾਰ ਸ਼ਿਕਾਇਤ ਦਰਜ ਕਰਵਾਉਣ ਥਾਣੇ ਪਹੁੰਚੇ। ਉਨ੍ਹਾਂ ਨੇ ਮਨੀ ਦੇ ਪਿਤਾ ਅਤੇ ਭਰਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।