ਕੇਂਦਰੀ ਜੇਲ੍ਹ ਤੋਂ ਪੇਸ਼ੀ ਲਈ ਲਿਆਂਦੇ 2 ਹਵਾਲਾਤੀ ਪੁਲਸ ਨੂੰ ਚਕਮਾ ਦੇ ਕੇ ਹੋਏ ਫ਼ਰਾਰ

Saturday, Nov 16, 2024 - 05:14 AM (IST)

ਕੇਂਦਰੀ ਜੇਲ੍ਹ ਤੋਂ ਪੇਸ਼ੀ ਲਈ ਲਿਆਂਦੇ 2 ਹਵਾਲਾਤੀ ਪੁਲਸ ਨੂੰ ਚਕਮਾ ਦੇ ਕੇ ਹੋਏ ਫ਼ਰਾਰ

ਕਪੂਰਥਲਾ (ਮਹਾਜਨ, ਭੂਸ਼ਣ, ਮਲਹੋਤਰਾ) : ਬੀਤੇ ਦਿਨ ਉਸ ਸਮੇਂ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ, ਜਦੋਂ ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ਤੋਂ ਪੇਸ਼ੀ ਲਈ ਲਿਆਂਦੇ ਗਏ ਦੋ ਹਵਾਲਾਤੀ ਪੁਲਸ ਦੀ ਗ੍ਰਿਫ਼ਤ ਵਿਚੋਂ ਫ਼ਰਾਰ ਹੋ ਗਏ। ਸਬੰਧਤ ਪੁਲਸ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ ’ਤੇ ਦੋ ਥਾਣਾ ਖੇਤਰਾਂ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਦੋਵਾਂ ਫ਼ਰਾਰ ਕੈਦੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ’ਚੋਂ 2 ਕੈਦੀਆਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਕਪੂਰਥਲਾ ਤੇ ਪੀ. ਜੀ. ਆਈ. ਚੰਡੀਗੜ੍ਹ ਲਿਜਾਇਆ ਗਿਆ ਸੀ। ਪਹਿਲੇ ਮਾਮਲੇ ’ਚ ਜ਼ਿਲ੍ਹਾ ਪੁਲਸ ਲਾਈਨ ’ਚ ਤਾਇਨਾਤ ਹੈੱਡ ਕਾਂਸਟੇਬਲ ਸੁਨੀਲ ਕੁਮਾਰ ਵਾਸੀ ਜੰਡਿਆਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪੁਲਸ ਲਾਈਨ ਕਪੂਰਥਲਾ ’ਚ ਤਾਇਨਾਤ ਹੈ। 14 ਨਵੰਬਰ ਨੂੰ ਉਸ ਨੇ ਆਪਣੇ ਸਾਥੀ ਮੁਲਾਜ਼ਮਾਂ ਨਾਲ ਲਕਸ਼ਮਣ ਕੁਮਾਰ ਉਰਫ਼ ਤੂਫ਼ਾਨੀ ਵਾਸੀ ਸੁਰਿੰਦਰ ਹਸਪਤਾਲ ਵਾਰਡ ਨੰਬਰ 1 ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਜ਼ਿਲ੍ਹਾ ਜਲੰਧਰ, ਬਲਜਿੰਦਰ ਕੌਰ, ਸਾਗਰ, ਨਰਿੰਦਰ ਸਿੰਘ ਨੂੰ ਸਰਕਾਰੀ ਗੱਡੀ ’ਚ ਸਿਵਲ ਹਸਪਤਾਲ ਕਪੂਰਥਲਾ ’ਚ ਇਲਾਜ ਵਾਸਤੇ ਲੈ ਕੇ ਆਏ ਸੀ। ਉਸ ਉੱਪਰ ਥਾਣਾ ਸ਼ਾਹਕੋਟ ’ਚ ਐੱਨ. ਡੀ. ਪੀ. ਐੱਸ. ਦਾ ਮਾਮਲਾ ਦਰਜ ਹੈ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਇਨ੍ਹਾਂ 4 ਨਿਯਮਾਂ ਦੀ ਅਣਦੇਖੀ ਪਵੇਗੀ ਮਹਿੰਗੀ, 20 ਹਜ਼ਾਰ ਦਾ ਲੱਗੇਗਾ ਜੁਰਮਾਨਾ

ਐੱਚ. ਸੀ. ਸੁਨੀਲ ਕੁਮਾਰ ਨੇ ਦੱਸਿਆ ਕਿ ਹਵਾਲਾਤੀ ਲਕਸ਼ਮਣ ਨੂੰ ਨਜ਼ਲੇ ਦੀ ਸ਼ਿਕਾਇਤ ਦੇ ਚੱਲਦੇ ਸਰਜੀਕਲ ਡਾਕਟਰ ਨਰਿੰਦਰਪਾਲ ਸਿੰਘ ਦੇ ਕਮਰੇ ਦੇ ਬਾਹਰ ਲੈ ਕੇ ਖੜ੍ਹਾ ਸੀ। ਉਨ੍ਹਾਂ ਤੋਂ ਅੱਗੇ ਪਹਿਲਾਂ ਤੋਂ ਚੈਕਅਪ ਲਈ ਇਕ ਬੰਦਾ ਖੜ੍ਹਾ ਸੀ। ਇਸ ਦੌਰਾਨ ਲਕਸ਼ਮਣ ਨੇ ਆਪਣੀ ਲੋਈ ਉਸਦੇ ਮੂੰਹ 'ਤੇ ਪਾ ਦਿੱਤੀ ਤੇ ਹੱਥ ਛੁਡਾ ਕੇ ਭੱਜ ਗਿਆ। ਇਸ ’ਤੇ ਉਹ ਤੁਰੰਤ ਉਸ ਨੂੰ ਫੜਨ ਲਈ ਉਸਦੇ ਪਿੱਛੇ ਭੱਜਿਆ ਪਰ ਉਹ ਸਿਵਲ ਹਸਪਤਾਲ ਦੇ ਸਰਕਾਰੀ ਕੁਆਰਟਰਾਂ ਵੱਲ ਭੱਜ ਗਿਆ ਤੇ ਸਿਵਲ ਹਸਪਤਾਲ ਦੀ ਕੰਧ ਕੋਲ ਪਈਆਂ ਇੱਟਾਂ ’ਤੇ ਪੈਰ ਰੱਖ ਕੇ ਕੰਧ ਟੱਪ ਕੇ ਭੱਜ ਗਿਆ।

ਉੱਥੇ ਹੀ ਵੀਰਵਾਰ ਸ਼ਾਮ ਨੂੰ ਪੀ. ਜੀ. ਆਈ. ’ਚ ਭਰਤੀ ਪਾਕਸੋ ਐਕਟ ਦੇ ਕੈਦੀ ਨੂੰ ਜੇਲ੍ਹ ਕਰਮਚਾਰੀ ਉਸ ਨੂੰ ਮਾਡਰਨ ਜੇਲ੍ਹ ਕਪੂਰਥਲਾ ਲੈ ਕੇ ਆ ਰਹੇ ਸੀ। ਜਦੋਂ ਪੁਲਸ ਟੀਮ ਜੇਲ੍ਹ ਦੇ ਕੋਲ ਪੁੱਜੀ ਤਾਂ ਕੈਦੀ ਪੁਲਸ ਨੂੰ ਚਕਮਾ ਦੇ ਕੇ ਐਂਬੂਲੈਂਸ ਗੱਡੀ ਤੋਂ ਭੱਜ ਗਿਆ। ਇਸ ਸਬੰਧੀ ਥਾਣਾ ਸਿਟੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਜੇਲ੍ਹ ਦੇ ਬਾਹਰੋਂ ਭੱਜੇ ਕੈਦੀ ਖਿਲਾਫ ਥਾਣਾ ਕੋਤਵਾਲੀ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਕੈਦੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਜਦੋਂ ਐੱਸ. ਪੀ. (ਡੀ.) ਸਰਬਜੀਤ ਰਾਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਕਪੂਰਥਲਾ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਜਲਦ ਹੀ ਦੋਵੇਂ ਮੁਲਜ਼ਮ ਕਾਬੂ ਕਰ ਲਏ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News