ਇਤਿਹਾਸ ਦਾ ਡਾਇਰੀ: ਵੱਲਭ ਭਾਈ ਪਟੇਲ ਦੇ 'ਸਰਦਾਰ ਪਟੇਲ' ਬਣਨ ਦੀ ਕਹਾਣੀ (ਵੀਡੀਓ)

Wednesday, Feb 12, 2020 - 10:45 AM (IST)

ਜਲੰਧਰ (ਬਿਊਰੋ): 'ਮਿਹਨਤ ਏਨੀ ਖਾਮੋਸ਼ੀ ਨਾਲ ਕਰੋ ਕਿ ਸਫਲਤਾ ਸ਼ੋਰ ਮਚਾ ਦੇਵੇ' 'ਇਤਿਹਾਸ ਦੀ ਡਾਇਰੀ' 'ਚ ਅੱਜ ਅਸੀਂ ਅਜਿਹੀਆਂ ਹੀ ਖਾਸ ਸ਼ਖਸੀਅਤਾਂ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਆਪਣੀ ਮੰਜਿਲ ਨੂੰ ਪਾਉਣ ਲਈ ਚੁੱਪਚਾਪ ਮਿਹਨਤ ਕੀਤੀ। ਕਈ ਵਾਰ ਹਾਰ ਦਾ ਮੂੰਹ ਵੀ ਵੇਖਣਾ ਪਿਆ ਪਰ ਜਦੋਂ ਸਫਲਤਾ ਮਿਲੀ ਤਾਂ ਉਸਦੀ ਗੂੰਜ ਆਸਮਾਨ ਤੱਕ ਪਈ। 12 ਜਨਵਰੀ ਨੂੰ ਜਿਥੇ ਅਬਰਾਹਿਮ ਲਿੰਕਨ ਤੇ ਚਾਰਲਿਸ ਡਾਰਵਿਨ ਵਰਗੀਆਂ ਸ਼ਖਸੀਅਤਾਂ ਦਾ ਜਨਮ ਹੋਇਆ। ਉਥੇ ਹੀ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਨਾਂ ਅੱਗੇ ਸਰਦਾਰ ਸ਼ਬਦ ਵੀ ਜੁੜਿਆ ਤਾਂ  ਆਓ ਸ਼ੁਰੂਆਤ ਕਰਦੇ ਹਾਂ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਤੋਂ....

ਸਰਦਾਰ ਵੱਲਭ ਭਾਈ ਪਟੇਲ
ਭਾਰਤ ਦੇ ਉਹ ਲੋਹ ਪੁਰਸ਼, ਜਿਨ੍ਹਾਂ ਨੇ ਭਾਰਤ ਦੇ 500 ਤੋਂ ਵਧ ਟੁਕੜਿਆਂ ਨੂੰ ਇਕ ਧਾਗੇ 'ਚ ਪਿਰੋਇਆ। ਸਰਦਾਰ ਵੱਲਭ ਭਾਈ ਪਾਟੇਲ ਸ਼ੁਰੂ ਤੋਂ ਹੀ ਸਰਦਾਰ ਨਹੀਂ ਸਨ। ਉਹ ਸਿਰਫ ਵੱਲਭ ਭਾਈ ਪਟੇਲ ਸਨ, ਤੇ ਇਕ ਵਕੀਲ ਸਨ। ਉਨ੍ਹਾਂ ਦੇ ਨਾਂ ਨਾਲ 'ਸਰਦਾਰ' ਸ਼ਬਦ ਜੁੜਿਆ  'ਬਾਰਦੋਲੀ ਸੱਤਿਆਗ੍ਰਹਿ' ਮਗਰੋਂ ਬਿਨਾਂ ਸ਼ੱਕ ਇਹ ਸਤਿਆਗ੍ਰਹਿ ਮਹਾਤਮਾ ਗਾਂਧੀ ਵਲੋਂ ਸ਼ੁਰੂ ਕੀਤਾ ਗਿਆ ਪਰ ਅਹਿੰਸਾ ਦੀ ਲੜਾਈ ਨੂੰ ਇਕ ਸਫਲ ਸਰਦਾਰ ਵਾਂਗ ਕਾਮਯਾਬ ਕੀਤਾ ਵੱਲਭ ਭਾਈ ਪਟੇਲ ਨੇ ਤੇ ਇਸ ਸਤਿਆਗ੍ਰਹਿ ਨੇ ਹੀ ਉਨ੍ਹਾਂ ਨੂੰ ਸਰਦਾਰ ਦੀ ਉਪਾਧੀ ਵੀ ਦਿੱਤੀ।  

ਸਰਦਾਰ ਵੱਲਭ ਭਾਈ ਪਟੇਲ ਤੇ 'ਬਾਰਦੋਲੀ ਸੱਤਿਆਗ੍ਰਹਿ'
ਬਾਰਦੋਲੀ ਸਤਿਆਗ੍ਰਹਿ ਇਕ ਕਿਸਾਨ ਅੰਦੋਲਨ ਸੀ, ਜੋ ਗੁਜਰਤ 'ਚ ਹੋਇਆ। ਬ੍ਰਿਟਿਸ਼ ਹਕੂਮਤ ਵਲੋਂ ਕਿਸਾਨਾਂ ਤੋਂ 30 ਫੀਸਦੀ ਲਗਾਨ ਵਸੂਲਿਆ ਜਾ ਰਿਹਾ ਸੀ। ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਵੇਖ ਮਹਾਤਮਾ ਗਾਂਧੀ ਨੇ ਅੰਗਰੇਜ਼ੀ ਹਕੂਮਤ ਖਿਲਾਫ ਅੰਦੋਲਨ ਸ਼ੁਰੂ ਕੀਤਾ, ਜਿਸਦਾ ਕੇਂਦਰ ਬਾਰਦੋਲੀ ਸੀ। ਗਾਂਧੀ ਜੀ ਨੇ ਫਰਵਰੀ 1928 ਨੂੰ ਇਸ ਅੰਦੋਲਨ ਦੀ ਵਾਗਡੋਰ ਵੱਲਭ ਭਾਈ ਪਟੇਲ ਨੂੰ ਸੌਂਪੀ, ਜਿਸ ਨੂੰ ਵੱਲਭ ਭਾਈ ਪਟੇਲ ਨੇ ਇਸ ਬਾਖੂਬੀ ਨਾਲ ਸਿਰੇ ਚੜ੍ਹਾਇਆ ਕਿ ਬ੍ਰਿਟਿਸ਼ ਹਕੂਮਤ ਨੂੰ ਝੁਕਣਾ ਪਿਆ। ਸਰਕਾਰ ਨੇ 30 ਫੀਸਦੀ ਲਗਾਨ ਨੂੰ ਘਟਾ ਕੇ 21.9 ਫੀਸਦੀ ਕਰ ਦਿੱਤਾ ਪਰ ਕਿਸਾਨ ਇਸ ਤੋਂ ਸੰਤੁਸ਼ਟ ਨਹੀਂ ਸਨ। ਦਬਾਅ ਹੇਠ ਅੰਗਰੇਜ਼ੀ ਹਕੂਮਤ ਨੇ ਇਸ ਮਾਮਲੇ 'ਤੇ ਫੈਸਲੇ ਲਈ ਕਮਿਸ਼ਨ ਬਣਾਇਆ, ਜਿਸ ਨੇ ਕਿਸਾਨਾਂ ਦੇ ਹੱਕ 'ਚ ਫੈਸਲਾ ਕਰਦਿਆਂ ਲਗਾਨ ਨੂੰ ਹੋਰ ਘੱਟ ਕਰਦਿਆਂ ਸਿਰਫ 6.3 ਫੀਸਦੀ ਕਰ ਦਿੱਤਾ। ਅੰਦੋਲਨ ਦੀ ਇਸ ਸਫਲਤਾ ਤੋਂ ਬਾਅਦ ਔਰਤਾਂ ਨੇ ਅੱਜ ਦੇ ਦਿਨ ਹੀ ਵੱਲਭ ਭਾਈ ਪਟੇਲ ਨੂੰ ਸਰਦਾਰ ਵੱਲਭ ਭਾਈ ਪਟੇਲ ਕਹਿ ਕੇ
ਬੁਲਾਇਆ। ਬੱਸ ਉਦੋਂ ਤੋਂ ਹੀ ਉਨ੍ਹਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਕਿਹਾ ਜਾਣ ਲੱਗਾ।

ਸਰਦਾਰ ਵੱਲਭ ਭਾਈ ਪਟੇਲ ਬਾਰੇ ਖਾਸ ਗੱਲਾਂ
ਸਰਦਾਰ ਵੱਲਭ ਭਾਈ ਪਟੇਲ ਨੇ 22 ਸਾਲ ਦੀ ਉਮਰ 'ਚ 10ਵੀਂ ਜਮਾਤ ਪਾਸ ਕੀਤੀ।
36 ਸਾਲ ਦੀ ਉਮਰ 'ਚ ਉਹ ਵਕਾਲਤ ਕਰਨ ਲਈ ਇੰਗਲੈਂਡ ਗਏ।
ਵਕਾਲਤ ਦੇ 36 ਮਹੀਨਿਆਂ ਦੇ ਕੋਰਸ ਨੂੰ ਮਹਿਜ਼ 30 ਮਹੀਨਿਆਂ 'ਚ ਪੂਰਾ ਕੀਤਾ।
ਬਿਨਾਂ ਖੂਨ ਵਹਾਏ ਵੱਲਭ ਭਾਈ ਪਟੇਲ ਨੇ ਦੇਸੀ ਰਿਆਸਤਾਂ ਨੂੰ ਭਾਰਤ 'ਚ ਮਿਲਾਇਆ।
ਦੇਹਾਂਤ ਦੇ 41 ਸਾਲਾਂ ਬਾਅਦ 1991 'ਚ ਮਿਲਿਆ ਭਾਰਤ ਰਤਨ।
ਸਾਰੀ ਜ਼ਿੰਦਗੀ ਕਿਰਾਏ ਦੇ ਮਕਾਨ 'ਤੇ ਰਹੇ ਸਰਦਾਰ ਵੱਲਭ ਭਾਈ ਪਟੇਲ।
ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਰਹੇ ਸਰਦਾਰ ਵੱਲਭ ਭਾਈ ਪਟੇਲ ਦੇ ਦੇਹਾਂਤ ਵੇਲੇ ਉਨ੍ਹਾਂ ਦੇ ਬੈਂਕ ਖਾਤੇ 'ਚ ਮਹਿਜ਼ 260 ਰੁਪਏ ਸਨ।
ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਉਸ ਰਾਸ਼ਟਰਪਤੀ ਦੀ, ਜਿਸਨੇ ਦਾਸਪ੍ਰਥਾ ਨੂੰ ਖਤਮ ਕੀਤਾ। ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ, ਜਿਨ੍ਹਾਂ ਦਾ ਬਚਪਨ ਗਰੀਬੀ 'ਚ ਲੰਘਿਆ ਤੇ ਜਵਾਨੀ ਸੰਘਰਸ਼ 'ਚ। ਅਬਰਾਹਿਮ ਲਿੰਕਨ ਨੂੰ ਕਈ ਵਾਰ ਹਾਰ ਦਾ ਮੂੰਹ ਵੇਖਣਾ ਪਿਆ ਪਰ ਆਖੀਰ ਕਾਮਯਾਬੀ ਨੇ ਉਸਦੇ ਕਦਮ ਚੁੰਮੇ ਤੇ ਅਬਰਾਹਿਮ ਲਿੰਕਨ ਨੇ ਦੇਸ਼ ਦਾ ਰਾਸ਼ਟਰਪਤੀ ਬਣ ਦਾਸ ਪ੍ਰਥਾ ਦੇ ਕੋਹੜ ਨੂੰ ਦੇਸ਼ 'ਚੋਂ ਖਤਮ ਕੀਤਾ।

ਅਬਰਾਹਿਮ ਲਿੰਕਨ
ਅਬਰਾਹਿਮ ਲਿੰਕਨ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ। ਉਨ੍ਹਾਂ ਦਾ ਜਨਮ 12 ਫਰਵਰੀ 1809 ਈਸਵੀ 'ਚ ਹੋਇਆ। ਲਿੰਕਨ ਦੇ ਪਿਤਾ ਦਾ ਨਾਂ ਥੌਮਲ ਲਿੰਕਨ ਤੇ ਮਾਤਾ ਦਾ ਨਾਂ ਨੈਨਸੀ ਲਿੰਕਨ ਸੀ। ਅਬਰਾਹਿਮ ਲਿੰਕਨ 9 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਕੁਝ ਸਮੇਂ ਬਾਅਦ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਲਿੰਕਨ ਦੀ ਦੂਜੀ ਮਾਂ ਉਸਨੂੰ ਸਕੀ ਮਾਂ ਵਾਂਗ ਹੀ ਪਿਆਰ ਕਰਦੀ ਸੀ। ਲਿੰਕਨ ਦਾ ਬਚਪਨ ਬੇਹੱਦ ਗਰੀਬੀ 'ਚ ਗੁਜ਼ਰਿਆ। ਮਨ 'ਚ ਪੜ੍ਹਾਈ ਦੀ ਚਾਹਤ ਤਾਂ ਸੀ ਪਰ ਪੜ੍ਹਣ ਲਈ ਕਿਤਾਬਾਂ ਤੇ ਪੈਸੇ ਨਹੀਂ ਸਨ। ਲਿੰਕਨ ਦਾ ਪੂਰਾ ਜੀਵਨ ਸੰਘਰਸ਼ ਨਾਲ ਭਰਿਆ ਰਿਹਾ। ਜੀਵਨ 'ਚ ਕਈ ਵਾਰ ਅਸਫਲਤਾ ਦਾ ਸਾਹਮਣਾ ਕਰਨ ਤੋਂ ਬਾਅਦ ਆਖਿਰਕਾਰ 52 ਸਾਲ ਦੀ ਉਮਰ 'ਚ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ। ਅਬਰਾਹਿਮ ਲਿੰਕਨ ਪਹਿਲੇ ਰਿਪਬਲਿਕਨ ਸਨ, ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ। ਇਤਿਹਾਸ ਉਨ੍ਹਾਂ ਨੂੰ ਅਜਿਹੇ ਰਾਸ਼ਟਰਪਤੀ ਵਲੋਂ ਯਾਦ ਕਰਦਾ ਹੈ, ਜਿਸਨੇ ਅਮਰੀਕਾ ਨੂੰ ਨਾ ਸਿਰਫ ਗ੍ਰਹਿ ਯੁੱਧ 'ਚੋਂ ਕੱਢਿਆ, ਸਗੋਂ ਦਾਸਪ੍ਰਥਾ ਨੂੰ ਗੈਰਕਾਨੂੰਨੀ ਐਲਾਨਦੇ ਹੋਏ ਇਸ ਪ੍ਰਥਾ ਨੂੰ ਖਤਮ ਕੀਤਾ।

ਪਤਨੀ ਤੋਂ ਡਰਦੇ ਸਨ ਅਬਰਾਹਿਮ ਲਿੰਕਨ
ਬਿਨਾਂ ਸ਼ੱਕ ਅਬਰਾਹਿਮ ਲਿੰਕਨ ਨੇ ਦੇਸ਼ 'ਚ ਚੱਲਦੇ ਗ੍ਰਹਿਯੁੱਧ ਨੂੰ ਸਫਲਤਾਪੂਰਵਕ ਖਤਮ ਕੀਤਾ ਪਰ ਉਨ੍ਹਾਂ ਦਾ ਵਿਆਹੁਤਾ ਜੀਵਨ ਕਿਸੇ ਸ਼ੀਤਯੁੱਧ ਵਰਗਾ ਸੀ, ਜਿਸਨੂੰ ਉਹ ਕਦੇ ਖਤਮ ਨਹੀਂ ਕਰ ਸਕੇ। ਕਿਹਾ ਜਾਂਦਾ ਹੈ ਕਿ ਅਬਰਾਹਿਮ ਲਿੰਕਨ ਆਪਣੀ ਪਤਨੀ ਮੈਰੀ ਟੌਡ ਤੋਂ ਬਹੁਤ ਡਰਦੇ ਸਨ ਤੇ ਲੜਾਈ ਤੋਂ ਬਚਣ ਲਈ ਅਕਸਰ ਆਪਣੇ ਆਫਿਸ ਵਿਚ ਹੀ ਸੌ ਜਾਂਦੇ ਸਨ ਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਘਰ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਸਨ।ਲਿੰਕਨ ਦੇ ਸਹਿਯੋਗੀ ਰਹੇ ਵਿਲੀਅਮ ਐੱਚ ਹੈਂਡਨ ਨੇ ਲਿੰਕਨ ਦੀ ਜੀਵਨੀ 'ਚ ਲਿਖਿਆ ਹੈ ਕਿ 'ਵਿਆਹ ਦਾ ਦਿਨ ਲਿੰਕਨ ਦੀ ਖੁਸ਼ੀ ਦਾ ਆਖਰੀ ਦਿਨ ਸੀ।'

ਅਬਰਾਹਿਮ ਲਿੰਕਨ ਦੀ ਜਿੰਦਗੀ ਦੇ ਰੌਚਕ ਤੱਤ
ਲਗਾਤਾਰ ਅਸਫਲਤਾਵਾਂ ਕਰਕੇ ਲਿੰਕਨ ਇਕ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸਨ
ਅਬਰਾਹਿਮ ਲਿੰਕਨ ਅਮਰੀਕਾ ਦੇ ਇਕਲੌਤੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ ਦੇ ਨਾਂ 'ਤੇ ਇਕ ਪੇਟੈਂਟ ਹੈ। ਮਸ਼ੀਨਰੀ 'ਚ ਉਨ੍ਹਾਂ ਦੀ ਰੁਚੀ ਸੀ ਤੇ ਉਹ ਅਕਸਰ ਖੋਜ 'ਚ ਲੱਗੇ ਰਹਿੰਦੇ ਸਨ।
ਲਿੰਕਨ ਨੇ ਵਾਕਲਤ ਨੂੰ ਪੇਸ਼ਾ ਬਣਾਇਆ, ਹਾਲਾਂਕਿ ਉਨ੍ਹਾਂ ਕੋਲ ਵਕਾਲਤ ਦੀ ਕੋਈ ਡਿਗਰੀ ਨਹੀਂ ਸੀ।
ਲਿੰਕਨ ਦੀ ਬਿੱਲੀ ਵਾਈਟ ਹਾਊਸ 'ਚ ਡਾਇਨਿੰਗ ਟੇਬਲ 'ਤੇ ਨਾਲ ਬੈਠ ਕੇ ਖਾਣਾ ਖਾਂਦੀ ਸੀ।
1876 'ਚ ਚੋਰਾਂ ਨੇ ਲਿੰਕਨ ਦੀ ਕਬਰ 'ਚੋਂ ਉਸਦੀ ਲਾਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਨਸਾਨ ਕਿਵੇਂ ਹੋਂਦ 'ਚ ਆਏ ।? ਜਦੋਂ ਵੀ ਕਦੇ ਇਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਇਸਦਾ ਇਕ ਹੀ ਜਵਾਬ ਹੁੰਦਾ ਹੈ ਕਿ ਬਾਂਦਰ ਇਨਸਾਨਾਂ ਦੇ ਪੂਰਵਜ ਨੇ ਤੇ ਸਮੇਂ-ਸਮੇਂ 'ਤੇ ਹੋਏ ਕੁਦਰਤੀ ਬਦਲਾਵਾਂ ਨਾਲ ਵਰਤਮਾਨ ਇਨਸਾਨ ਹੋਂਦ 'ਚ ਆਇਆ। ਹੁਣ ਅਸੀਂ ਗੱਲ ਕਰਾਂਗੇ ਇਹ ਸਿਧਾਂਤ ਦੇਣ ਵਾਲੇ ਚਾਰਲਸ ਡਾਰਵਿਨ ਦੀ, ਜਿਸ ਤੋਂ ਬਿਨਾਂ ਸ਼ਾਇਦ ਅਸੀਂ ਕਦੇ ਨਾ ਜਾਣ ਪਾਉਂਦੇ ਕਿ ਬਾਂਦਰ  ਇਨਸਾਨ ਦੇ ਪੂਰਵਜ ਹਨ।

ਚਾਰਲਸ ਰਾਬਟ ਡਾਰਵਿਨ
ਭੂ ਵਿਗਿਆਨੀ ਚਾਰਲਸ ਰਾਬਟ ਡਾਰਵਿਨ ਦਾ ਜਨਮ 12 ਫਰਵਰੀ 1809 ਨੂੰ ਇੰਗਲੈਂਡ 'ਚ ਹੋਇਆ...ਖੁੱਲ੍ਹੇ ਵਿਚਾਰ ਤੇ ਚਾਰਲਸ ਚਾਰਵਿਨ ਨੂੰ ਵਿਰਾਸਤ 'ਚ ਮਿਲੇ। ਡਾਰਵਿਨ ਨੇ ਜਿਸ ਵੇਲੇ ਇਹ ਸਿਧਾਂਤ ਦਿੱਤਾ ਉਸ ਵੇਲੇ ਯੂਰਪ 'ਚ ਪੁਨਰਜਾਗਰਣ ਦਾ ਸਮਾਂ ਸੀ। ਚਰਚ ਦੇ ਸਿਧਾਂਤਾਂ ਖਿਲਾਫ ਬੋਲਣ ਦਾ ਮਤਲਬ ਸੀ- ਮੌਤ ਨੂੰ ਦਾਅਵਤ ਦੇਣਾ। ਉਸ ਸਮੇਂ 'ਚ ਇਹ ਕਹਿਣਾ ਕਿ ਇਨਸਾਨ ਦੀ ਉਤਪਤੀ ਕਿਸੇ ਸ਼ਕਤੀ ਰਾਹੀਂ ਐਡਮ ਤੇ ਈਵ ਤੋਂ ਨਾ ਹੋ ਕਿ ਇਕ ਸਿਧਾਂਤ ਦੇ ਆਧਾਰ 'ਤੇ ਹੋਈ ਹੈ। ਸਿੱਧੇ ਤੌਰ 'ਤੇ ਚਰਚ ਤੇ ਧਾਰਿਮਕ ਕੱਟੜਪੰਥ ਨੂੰ ਸਿੱਧੀ ਟੱਕਰ ਦੇਣਾ ਸੀ..ਬਾਵਜੂਦ ਇਸਦੇ ਡਾਰਵਿਨ ਨੇ ਆਪਣੇ ਸਿਧਾਂਤ ਨੂੰ ਵੱਖ-ਵੱਖ ਤਰਕਾਂ ਨਾਲ ਨਾ ਸਿਰਫ ਪੇਸ਼ ਕੀਤਾ ਸਗੋਂ ਸਾਬਿਤ ਵੀ ਕੀਤਾ ਤੇ ਇਸ ਲਈ ਉਸਨੇ ਜਾਨਵਰਾਂ ਤੇ ਆਪਣੇ ਬੱਚਿਆਂ ਦੀ ਹਰ ਹਰਕਤ ਤੇ ਉਨ੍ਹਾਂ ਦੇ ਵੱਡੇ ਹੋਣ ਦੀ ਹਰ ਮੂਵਮੈਂਟ ਦਾ ਬਾਰੀਕੀ ਨਾਲ ਅਧਿਐਨ ਕੀਤਾ। ਇਸ ਕੰਮ 'ਚ ਡਾਰਵਿਨ ਵਲੋਂ ਕੀਤੀ ਗਈ ਲੰਮੀ ਸਮੁੰਦਰ ਯਾਤਰਾ ਦਾ ਕਾਫੀ ਯੋਗਦਾਨ ਰਿਹਾ। ਇਸ ਯਾਤਰਾ ਦੌਰਾਨ ਡਾਰਵਿਨ ਨੇ ਕਈ ਕੀੜਿਆਂ 'ਤੇ ਪ੍ਰਯੋਗ ਕੀਤਾ।
ਆਓ, ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਦਿਨ ਯਾਨੀ ਕਿ 12 ਫਰਵਰੀ ਨੂੰ ਦੇਸ਼ ਤੇ ਦੁਨੀਆ 'ਚ ਵਾਪਰੀਆਂ ਕੁਝ ਖਾਸ ਘਟਨਾਵਾਂ 'ਤੇ

ਖਾਸ ਘਟਨਾਵਾਂ
12 ਫਰਵਰੀ 1689 : ਵਿਲੀਅਮ ਤੇ ਮੇਰੀ ਨੂੰ ਇੰਗਲੈਂਡ ਦੇ ਰਾਜਾ-ਰਾਣੀ ਐਲਾਨਿਆ ਗਿਆ।
12 ਫਰਵਰੀ 1922 : ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ ਵਾਪਸ ਲੈਣ ਦਾ ਐਲਾਨ ਕੀਤਾ।
12 ਫਰਵਰੀ 1946 : ਕਲਕੱਤਾ ਦੰਗਿਆਂ 'ਚ 14 ਲੋਕ ਮਾਰੇ ਗਏ।
12 ਫਰਵਰੀ 1975 : ਭਾਰਤ ਨੇ ਖੁਦ ਨੂੰ ਚੇਚਕ ਮੁਕਤ ਰਾਸ਼ਟਰ ਐਲਾਨਿਆ।
12 ਫਰਵਰੀ 1994 : ਏਡਵਰਕ ਮੁੰਕ ਦੀ ਪ੍ਰਸਿੱਧ ਪੇਂਟਿੰਗ 'ਦਿ ਸਕ੍ਰੀਮ' ਨੈਸ਼ਨਲ ਗੈਲਰੀ ਆਫ ਨਾਰਵੇ 'ਚੋਂ ਚੋਰੀ ਹੋਈ।

ਜਨਮ
12 ਫਰਵਰੀ 1742 : ਮਰਾਠਾ ਰਾਜਨੇਤਾ ਨਾਨਾ ਫੜਨਸਵੀਸ ਦਾ ਜਨਮ ਹੋਇਆ।
12 ਫਰਵਰੀ 1824 : ਆਰੀਆ ਸਮਾਜ ਦੇ ਬੁਲਾਰੇ ਤੇ ਪ੍ਰਸਿੱਧ ਸੁਧਾਰਵਾਦੀ ਸੰਨਿਆਸੀ ਦਇਆਨੰਦ ਸਰਸਵਤੀ ਦਾ ਜਨਮ ਹੋਇਆ।
12 ਫਰਵਰੀ 1882 : ਮਸ਼ਹੂਰ ਬੰਗਾਲੀ ਕਵੀ ਸੱਤਿਏਂਦਰਨਾਥ ਦੱਤ ਦਾ ਜਨਮ ਹੋਇਆ।
12 ਫਰਵਰੀ 1920 - ਬਾਲੀਵੁੱਡ ਅਦਾਕਾਰ ਪ੍ਰਾਣ ਕਿਸ਼ਨ ਸਿਕੰਦ ਉਰਫ ਪ੍ਰਾਣ ਦਾ ਜਨਮ ਹੋਇਆ।  

ਮੌਤ
12 ਫਰਵਰੀ 1919 : ਪ੍ਰਸਿੱਧ ਰਾਸ਼ਟਰਵਾਦੀ ਨੇਤਾ ਸੂਫੀ ਅੰਬਾ ਪ੍ਰਸਾਦ ਦਾ ਦੇਹਾਂਤ ਹੋਇਆ।
12 ਫਰਵਰੀ 1919 : ਭਾਰਤੀ ਸਿਆਸਤਦਾਨ ਨਵਾਬ ਸੱਈਅਦ ਮੁਹੰਮਦ ਬਹਾਦੁਰ ਦਾ ਦੇਹਾਂਤ ਹੋਇਆ।


Shyna

Content Editor

Related News