ਇਤਿਹਾਸ ਦੀ ਡਾਇਰੀ: ਬੀਮਾਰੀ ਨੂੰ ਹਰਾ ਇਸ ਸ਼ਖਸ ਨੇ ਕਮਾ ਲਿਆ ਬਾਡੀ ਬਿਲਡਰ ਦਾ ਖਿਤਾਬ (ਵੀਡੀਓ)
Tuesday, Mar 17, 2020 - 10:43 AM (IST)
ਜਲੰਧਰ (ਬਿਊਰੋ): ਹਲਕੀ ਜਿਹੀ ਬੀਮਾਰੀ ਨਾਲ ਹੀ ਅਸੀਂ ਢਹਿ-ਢੇਰੀ ਹੋ ਜਾਂਦੇ ਹਾਂ, ਪਰ ਜੋ ਲੋਕ ਬੀਮਾਰੀ ਨੂੰ ਚੁਣੌਤੀ ਸਮਝ ਕੇ ਲੜਦੇ ਹਨ ਉਹ ਹੀ ਲੋਕ ਇਤਿਹਾਸ ਸਿਰਜਦੇ ਹਨ।'ਇਤਿਹਾਸ ਦੀ ਡਾਇਰੀ' ਦੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਇੱਕ ਅਜਿਹੇ ਹੀ ਸ਼ਖਸ ਦੀ ਗੱਲ ਕਰਾਂਗੇ ਜਿਸਨੇ ਆਪਣੀ ਬੀਮਾਰੀ ਨੂੰ ਸਰੀਰ ਲਈ ਜ਼ੰਜੀਰ ਨਹੀਂ ਬਣਾਇਆ ਬਲਕਿ ਉਸ ਨਾਲ ਮੁਕਾਬਲਾ ਕੀਤਾ ਤੇ ਦੁਨੀਆ ਦਾ ਸਭ ਤੋਂ ਮਹਾਨ ਬਾਡੀ-ਬਿਲਡਰ ਬਣ ਕੇ ਹੀ ਦਮ ਲਿਆ।
ਮਨੋਹਰ ਆਈਚ
ਮਨੋਹਰ ਆਈਚ ਬਾਲੀ-ਬਿਲਡਿੰਗ ਦੀ ਦੁਨੀਆ ਦਾ ਇਹ ਓਹ ਚਮਕਦਾ ਸਿਤਾਰਾ ਹੈ ਜੋ ਰਹਿੰਦੀ ਦੁਨੀਆ ਤੱਕ ਬਾਡੀ-ਬਲਡਰਾਂ ਨੂੰ ਰੌਸ਼ਨੀ ਦੇਣ ਦਾ ਕੰਮ ਕਰੇਗਾ। ਮਹਿਜ਼ 12 ਸਾਲ ਦੀ ਉਮਰ 'ਚ ਮਨੋਹਰ ਆਈਚ ਨੂੰ ਕਾਲਾ ਬੁਖਾਰ ਨਾਂ ਦੀ ਬੀਮਾਰੀ ਨੇ ਜਕੜ ਲਿਆ, ਭਾਰ ਚੁੱਕਣਾ ਤਾਂ ਕੀ ਦਿਨੋ-ਦਿਨ ਉਨਾਂ ਦੇ ਖੁਦ ਸਰੀਰ ਦਾ ਵਜਨ ਡਿੱਗਦਾ ਜਾ ਰਿਹਾ ਸੀ। ਇਹ ਉਹ ਮੌਕਾ ਸੀ ਮਨੋਹਰ ਆਈਚ ਜਾਂ ਤਾਂ ਉਹ ਦੁਨੀਆ ਲਈ ਤਰਸ ਦਾ ਪਾਤਰ ਬਣ ਜਾਂਦੇ ਜਾਂ ਫਿਰ ਮਿਸਾਲ। ਪਰ ਉਨ੍ਹਾਂ ਨੇ ਔਖਾ ਰਸਤਾ ਚੁਣਿਆ ਤੇ ਬੀਮਾਰੀ ਦੇ ਬਾਵਜੂਦ ਕਸਰਤ ਤੇ ਚੰਗੀ ਡਾਈਟ ਲੈਣੀ ਨਾ ਛੱਡੀ। ਨਤੀਜੇ ਵੱਜੋਂ ਉਨ੍ਹਾਂ ਦੀ ਸਿਹਤ ਸੁਧਰਨੀ ਸ਼ੁਰੂ ਹੋ ਗਈ। 1912 'ਚ ਜਨਮ ਤੇ 1952 'ਚ 40 ਸਾਲ ਦੀ ਉਮਰ 'ਚ ਮਨੋਹਰ ਆਈਚ ਨੇ ਮਿਸਟਰ-ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕੀਤਾ। ਇਹ ਖਿਤਾਬ ਜਿੱਤਣ ਵਾਲੇ ਮਨੋਹਰ ਆਈਚ ਦੂਸਰੇ ਭਾਰਤੀ ਸਨ, ਜੋ 1952 'ਚ ਮਿਸਟਰ-ਯੂਨੀਵਰਸ ਬਣੇ। ਮਨੋਹਰ ਆਈਚ ਦਾ ਜਨਮ 17 ਮਾਰਚ 1912 'ਚ ਕੋਮਿਲਾ 'ਚ ਹੋਇਆ, ਜੋ ਮੌਜੂਦਾ ਸਮੇਂ 'ਚ ਬੰਗਲਾਦੇਸ਼ ਦਾ ਹਿੱਸਾ ਹੈ। ਇਸ ਤੋਂ ਪਹਿਲਾਂ 1951 'ਚ ਮੋਨੋਤੋਸ਼ ਰੌਏ ਨੇ ਮਿਸਟਰ-ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। 2015 'ਚ ਪੱਛਮ ਬੰਗਾਲ ਦੀ ਸਰਕਾਰ ਨੇ ਉਨਾਂ ਨੂੰ 'ਬੰਗਵਿਭੂਸ਼ਨ' ਐਵਾਰਡ ਨਾਲ ਸਨਮਾਨਿਤ ਕੀਤਾ ਸੀ। 50 ਜੂਨ 2016 'ਚ ਮਨੋਹਰ ਆਈਚ ਨੇ ਕਲਕੱਤਾ 'ਚ ਅੰਤਿਮ ਸਾਹ ਲਏ ਸਨ।
ਸਾਇਨਾ ਨੇਹਵਾਲ
ਸਾਇਨਾ ਨੇਹਵਾਲ, ਸਿਰਫ ਨਾਮ ਹੀ ਕਾਫੀ ਹੈ…ਪਛਾਣ ਦੱਸਣ ਲਈ ਕਿਸੇ ਦੀ ਮੋਹਤਾਜ ਨਹੀਂ ਹੈ। ਸਾਇਨਾ ਨੇਹਵਾਲ ਦਾ ਵੀ ਅੱਜ ਜਨਮ ਦਿਨ ਹੈ ਤੇ ਉਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਸਾਇਨਾ ਨੇਹਵਾਲ ਉਨ੍ਹਾਂ ਲੋਕਾਂ ਲਈ ਇੱਕ ਨਸੀਹਤ ਹੈ ਜੋ ਸੋਚਦੇ ਨੇ ਕਿ ਕੁੜੀਆਂ…ਮੁੰਡਿਆਂ ਦੇ ਬਰਾਬਰ ਨਹੀਂ ਹੁੰਦੀਆਂ, ਪਰ ਅਸਲ ਸੱਚਾਈ ਤਾਂ ਇਹ ਹੈ ਕਿ ਅੱਜ ਲੜਕੀਆਂ…ਲੜਕਿਆਂ ਤੋਂ ਕਿਤੇ ਮੋਹਰੀ ਹੋ ਕੇ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ। ਸਾਇਨਾ ਨੇਹਵਾਲ ਭਾਰਤ ਦੀ ਬੈਡਮਿੰਟਨ ਖਿਡਾਰੀ ਹੈ ਤੇ ਦੁਨੀਆ ਦੀ ਨੰਬਰ-1 ਖਿਡਾਰਣ ਹੋਣ ਦਾ ਵੀ ਮਾਣ ਹਾਸਲ ਕਰ ਚੁੱਕੀ ਹੈ। 2012 ਦੇ ਲੰਡਨ ਓਲੰਪਿਕ 'ਚ ਵੀ ਉਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦਾ ਤਗਮਾ ਹਾਸਲ ਕੀਤਾ।ਇਸ ਤੋਂ ਇਲਾਵਾ ਉਹ ਦੋ ਦਰਜਨ ਦੇ ਕਰੀਬ ਇੰਟਰਨੈਸ਼ਨਲ ਐਵਾਰਡ ਜਿੱਤ ਚੁੱਕੀ ਹੈ। ਹਿਸਾਰ 'ਚ ਜਨਮੀ ਤੇ ਹੁਣ ਹੈਦਰਾਬਾਦ 'ਚ ਰਹਿ ਰਹੀ ਹੈ ਤੇ ਉੱਥੇ ਹੀ ਖੇਡ ਜਗਤ 'ਚ ਦੁਨੀਆ ਨੂੰ ਚੁਣੌਤੀ ਦੇਣ ਲਈ ਪ੍ਰੈਕਟਿਸ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਸਾਇਨਾ ਨੇਹਵਾਲ ਨੂੰ ਪਦਮ ਸ੍ਰੀ ਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਹੋਰ ਮਹੱਤਵਪੂਰਨ ਜਾਣਕਾਰੀ
17 ਮਾਰਚ 1906 ਨੂੰ ਤਾਈਵਾਨ 'ਚ ਜ਼ਬਰਦਸਤ ਭੂਚਾਲ ਆਇਆ। ਧਰਤੀ ਇੰਨੀ ਜੋਰ ਨਾਲ ਕੰਬੀ ਕਿ 1200 ਲੋਕਾਂ ਤੋਂ ਜ਼ਿਆਦਾ ਦੀ ਮੌਤ ਹੋ ਗਈ ਸੀ।
17 ਮਾਰਚ 1957 ਨੂੰ ਇੱਕ ਦਰਦਨਾਕ ਹਾਦਸਾ ਹੋਇਆ ਜਿਸ 'ਚ ਫਿਲੀਪਿੰਸ ਦੇ ਰਾਸ਼ਟਰਪਤੀ ਰੈਮਨ ਮੈਗਸਾਯਸਾਇ ਦੀ ਮੌਤ ਹੋ ਗਈ ਸੀ। ਹਵਾਈ ਜਹਾਜ਼ ਕ੍ਰੈਸ਼ ਹੋਣ ਕਾਰਨ ਉਨਾਂ ਦੀ ਮੌਤ ਹੋਈ।
17 ਮਾਰਚ 1969 ਨੂੰ ਗੋਲਡਾ ਮੇਅਰ ਇਜ਼ਰਾਈਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ।
17 ਮਾਰਚ 1987 'ਚ ਭਾਰਤ ਦੇ ਮਹਾਨ ਕ੍ਰਿਕੇਟਰ ਸੁਨੀਲ ਗਵਾਸਕਰ ਨੇ ਟੈਸਟ ਕ੍ਰਿਕੇਟ ਤੋਂ ਸਨਿਆਸ ਲਿਆ ਸੀ।
ਜਨਮ
17 ਮਾਰਚ 1920 ਨੂੰ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ-ਮਜੀਰ-ਉਰ-ਰਹਿਮਾਨ ਦਾ ਜਨਮ ਹੋਇਆ ਸੀ।
ਮੌਤ
17 ਮਾਰਚ 1989 ਨੂੰ ਹੇਮਵੰਤੀ ਨੰਦਨ ਬਹੁਗੁਣਾ ਦਾ ਦੇਹਾਂਤ ਹੋਇਆ ਸੀ। ਉਹ ਦੋ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ।