ਪਿਉ-ਪੁੱਤ ਸਣੇ 3 ਖਿਲਾਫ ਜਾਅਲੀ ਸਰਟੀਫਿਕੇਟ ਬਣਾਉਣ ਦਾ ਮਾਮਲਾ ਦਰਜ

Friday, May 04, 2018 - 03:52 AM (IST)

ਧੂਰੀ, (ਸੰਜੀਵ ਜੈਨ)- ਪੁਲਸ ਨੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਇਕ ਮਾਮਲੇ 'ਚ ਪਿਉ-ਪੁੱਤ ਸਮੇਤ ਕੁਲ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।  ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਪੁਨੀਤ ਜਿੰਦਲ ਪੁੱਤਰ ਵਾਸੂਦੇਵ ਵਾਸੀ ਧੂਰੀ ਵੱਲੋਂ ਪੁਲਸ ਨੂੰ ਦਿੱਤੀ ਗਈ ਇਕ ਸ਼ਿਕਾਇਤ ਅਨੁਸਾਰ ਉਨ੍ਹਾਂ ਦਾ ਅਸ਼ੋਕ ਸਿੰਗਲਾ ਪੁੱਤਰ ਗਿਆਨ ਚੰਦ ਵਾਸੀ ਧੂਰੀ ਨਾਲ ਸਥਾਨਕ ਅਦਾਲਤ ਵਿਖੇ ਦੁਕਾਨ ਸਬੰਧੀ ਇਕ ਕੇਸ ਚੱਲਦਾ ਸੀ। ਉਸ ਕੇਸ 'ਚ ਅਸ਼ੋਕ ਸਿੰਗਲਾ ਨੇ ਆਪਣੇ ਪੁੱਤਰ ਹਨੀ ਸਿੰਗਲਾ ਦਾ 12ਵੀਂ ਦਾ ਸਰਟੀਫਿਕੇਟ ਲਾਇਆ ਸੀ। ਇਸ ਦੌਰਾਨ ਪੁਨੀਤ ਨੂੰ ਪਤਾ ਲੱਗਿਆ ਕਿ ਅਸ਼ੋਕ ਸਿੰਗਲਾ ਅਤੇ ਉਸ ਦਾ ਪੁੱਤਰ ਹਨੀ ਸਿੰਗਲਾ ਲੋਕਾਂ ਨੂੰ ਬਹਿਲਾ-ਫੁਸਲਾ ਕੇ ਪੈਸੇ ਲੈ ਕੇ ਉਨ੍ਹਾਂ ਦੇ ਜਾਅਲੀ ਸਰਟੀਫਿਕੇਟ ਬਣਵਾ ਕੇ ਦਿੰਦੇ ਹਨ ਅਤੇ ਇਨ੍ਹਾਂ ਵੱਲੋਂ ਕੇਸ ਵਿਚ ਲਾਇਆ ਗਿਆ ਸਰਟੀਫਿਕੇਟ ਵੀ ਜਾਅਲੀ ਹੈ।  ਇਸ ਉਪਰੰਤ ਉਸ ਨੇ ਅਦਾਲਤ 'ਚੋਂ ਸਰਟੀਫਿਕੇਟ ਦੀ ਕਾਪੀ ਹਾਸਲ ਕਰ ਕੇ ਪੁਲਸ ਨੂੰ ਇਕ ਦਰਖਾਸਤ ਦੇ ਕੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਇਸ ਪੜਤਾਲ ਦੌਰਾਨ ਪੁਲਸ ਵੱਲੋਂ ਉਕਤ ਸਰਟੀਫਿਕੇਟ 'ਤੇ ਲਿਖੇ ਅਨੁਸਾਰ ਦਿੱਲੀ ਦੇ ਬੋਰਡ ਨਾਲ ਰਾਬਤਾ ਕਾਇਮ ਕਰਨ 'ਤੇ ਇਹ ਗੱਲ ਸਾਹਮਣੇ ਆਈ ਸੀ ਕਿ ਉਕਤ ਸਰਟੀਫਿਕੇਟ ਬੋਰਡ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ। ਇਸ ਕਾਰਨ ਅਸ਼ੋਕ ਸਿੰਗਲਾ, ਹਨੀ ਸਿੰਗਲਾ ਵਾਸੀਆਨ ਧੂਰੀ ਅਤੇ ਹਰਭਜਨ ਸਿੰਘ ਪਰਾਹਰ ਵਾਸੀ ਪਿੰਡ ਕਰਨਾਣਾ (ਐੱਸ. ਏ. ਐੱਸ. ਨਗਰ) ਖਿਲਾਫ ਰਲ ਕੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


Related News