ਥਾਣਾ ਨਕੋਦਰ ''ਚ ਤਾਇਨਾਤ ਹੌਲਦਾਰ ਗ੍ਰਿਫ਼ਤਾਰ, ਦਰਜ ਹੋਇਆ ਅਪਰਾਧਿਕ ਮਾਮਲਾ
Wednesday, Sep 18, 2024 - 06:23 PM (IST)

ਚੰਡੀਗੜ੍ਹ/ਜਲੰਧਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਥਾਣਾ ਨਕੋਦਰ ਦਿਹਾਤੀ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਇਕ ਹੌਲਦਾਰ ਕੰਵਰਪਾਲ ਸਿੰਘ ਨੂੰ 49800 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਉਸ ਨੂੰ ਜਲੰਧਰ ਦੀ ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਸ ਮੁਲਾਜ਼ਮ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਦਰੱਸਾ ਦੇ ਵਸਨੀਕ ਲਖਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਹ ਇਕ ਪ੍ਰਾਈਵੇਟ ਕੰਪਨੀ ਵਿਚ ਸਕਿਓਰਿਟੀ ਗਾਰਡ ਹੈ ਅਤੇ ਉਸਨੇ ਪੀ. ਐੱਚ. ਜੀ. ਵਿਚ ਸੇਵਾ ਨਿਭਾਉਂਦੇ ਆਪਣੇ ਚਾਚੇ ਦੀ ਮੌਤ ਉਪਰੰਤ ਸਾਲ 2017 ਵਿਚ ਜ਼ਿਲ੍ਹਾ ਕਮਾਂਡਰ, ਪੰਜਾਬ ਹੋਮ ਗਾਰਡ (ਪੀ.ਐੱਚ.ਜੀ.) ਦਫਤਰ ਫਰੀਦਕੋਟ ਵਿਖੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਲਈ ਅਰਜ਼ੀ ਦਿੱਤੀ ਸੀ। ਇਸ ਸਬੰਧ ’ਚ ਦੋਸ਼ੀ ਪੁਲਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਨੂੰ ਹੋਮ ਗਾਰਡ ਵਿਚ ਤਰਸ ਦੇ ਅਧਾਰ ’ਤੇ ਨੌਕਰੀ ਦਿਵਾਉਣ ਬਦਲੇ 6,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਔਰਤਾਂ ਅਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ
ਬੁਲਾਰੇ ਨੇ ਅੱਗੇ ਦੋਸ਼ ਲਗਾਇਆ ਕਿ ਹੌਲਦਾਰ ਨੇ ਉਸਨੂੰ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦੇਣ ਲਈ ਕਿਹਾ। ਇਸ ਤੋਂ ਬਾਅਦ, ਦੋਸ਼ੀ ਹੌਲਦਾਰ ਨੇ ਉਸਨੂੰ ਫੋਨਪੇ ਰਾਹੀਂ ਰਕਮ ਉਸਦੇ ਐੱਚਡੀਐੱਫਸੀ ਖਾਤੇ ਵਿਚ ਟਰਾਂਸਫਰ ਕਰਨ ਲਈ ਵਾਰ-ਵਾਰ ਜ਼ੋਰ ਪਾਉਣ ਲੱਗਾ। ਜਿਸ ਕਾਰਨ ਸ਼ਿਕਾਇਤਕਰਤਾ ਨੇ ਚਾਰ ਟਰਾਂਜੈਕਸ਼ਨਾਂ ਵਿਚ 10,000 ਰੁਪਏ (ਪ੍ਰਤੀ ਟਰਾਂਜੈਕਸ਼ਨ) ਟਰਾਂਸਫਰ ਕੀਤੇ ਅਤੇ ਬਾਅਦ ਵਿਚ 9800 ਹੋਰ ਰੁਪਏ ਟਰਾਂਸਫਰ ਕਰਵਾਏ। ਇਸ ਤਰ੍ਹਾਂ ਸ਼ਿਕਾਇਤਕਰਤਾ ਨੇ ਉਕਤ ਮੁਲਾਜ਼ਮ ਦੇ ਐੱਚਡੀਐਫਸੀ ਖਾਤੇ ਵਿਚ ਕੁੱਲ 49,800 ਰੁਪਏ ਭੇਜੇ । ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਬਤ ਹੋ ਗਿਆ ਹੈ ਕਿ ਉਕਤ ਹੌਲਦਾਰ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਲਈ ਸੀ। ਇਸ ਤਫ਼ਤੀਸ਼ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਚਿੰਤਪੁਰਨੀ ਰੋਡ 'ਤੇ ਪੈਂਦੇ ਪਿੰਡ ਆਦਮਵਾਲ ਨੂੰ ਪੁਲਸ ਨੇ ਪਾਇਆ ਘੇਰਾ, ਹਾਲਾਤ ਦੇਖ ਸਹਿਮੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8