ਵਿਦੇਸ਼ ਗਏ ਪੁੱਤ ਦੀ ਤਸਵੀਰ ਹੱਥ ''ਚ ਫੜ ਕੇ ਰੋਂਦੀ ਮਾਂ ਨੇ ਸਰਕਾਰ ਨੂੰ ਲਾਈ ਗੁਹਾਰ (ਤਸਵੀਰਾਂ)
Wednesday, Jun 12, 2019 - 06:22 PM (IST)
ਕਪੂਰਥਲਾ (ਓਬਰਾਏ)— ਇਰਾਕ 'ਚ ਫਸੇ ਕਪੂਰਥਲਾ ਦੇ ਪਿੰਡ ਖਲੀਲ ਦੇ ਨੌਜਵਾਨ ਪ੍ਰਭਜੋਤ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਘਰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਦੱਸ ਦੇਈਏ ਕਿ ਭੁਲੱਥ ਦੇ ਪਿੰਡ ਖਲੀਲ ਦਾ ਪ੍ਰਭਜੋਤ ਵੀ ਇਰਾਕ 'ਚ ਫਸੇ ਉਨ੍ਹਾਂ 7 ਨੌਜਵਾਨਾਂ 'ਚੋਂ ਇਕ ਹੈ, ਜੋ ਰੋਜ਼ੀ-ਰੋਟੀ ਅਤੇ ਪਰਿਵਾਰ ਦੀ ਹਾਲਤ ਨੂੰ ਸੁਧਾਰਣ ਲਈ ਵਿਦੇਸ਼ ਤਾਂ ਗਏ ਪਰ ਉਥੇ ਹੀ ਜਾ ਕੇ ਫਸ ਗਏ ਹਨ।
ਪ੍ਰਭਜੋਤ ਦੀ ਮਾਂ ਦਰਸ਼ਨ ਕੌਰ ਦੀ ਸਿਹਤ ਵੀ ਖਰਾਬ ਰਹਿੰਦੀ ਹੈ ਅਤੇ ਉਹ ਚੱਲਣ 'ਚ ਵੀ ਅਸਮਰਥ ਹੈ। ਮਾਂ ਦਰਸ਼ਨ ਕੌਰ ਨੇ ਦੱਸਿਆ ਕਿ ਪ੍ਰਭਜੋਤ ਨੂੰ ਬਾਹਰ ਗਏ ਕਰੀਬ 5 ਮਹੀਨੇ ਹੋ ਗਏ ਹਨ। ਸ਼ੁਰੂਆਤ 'ਚ ਫੋਨ 'ਤੇ ਉਸ ਨਾਲ ਗੱਲਬਾਤ ਹੁੰਦੀ ਰਹੀ ਪਰ ਹੁਣ ਕਾਫੀ ਸਮਾਂ ਹੋ ਗਿਆ ਕਿ ਫੋਨ 'ਤੇ ਕੋਈ ਗੱਲਬਾਤ ਨਹੀਂ ਹੋਈ। ਹੱਥਾਂ 'ਚ ਪੁੱਤ ਦੀ ਤਸਵੀਰ ਨੂੰ ਫੜ ਕੇ ਰੋਂਦੀ ਮਾਂ ਨੇ ਸਰਕਾਰ ਤੋਂ ਸਹੀ ਸਲਾਮਤ ਪੁੱਤ ਦੀ ਵਾਪਸੀ ਦੀ ਗੁਹਾਰ ਲਗਾਈ ਹੈ।
ਪ੍ਰਭਜੋਤ ਦੇ ਪਿਤਾ ਸਰਬਜੀਤ ਸਿੰਘ ਦੱਸਿਆ ਕਿ ਪੰਜਾਬ 'ਚ ਬੇਰੋਜ਼ਗਾਰੀ ਦੇ ਚਲਦਿਆਂ ਹੀ ਉਨ੍ਹਾਂ ਨੇ ਪੁੱਤਰ ਨੂੰ ਬਾਹਰ ਵਿਦੇਸ਼ ਭੇਜਿਆ ਸੀ ਪਰ ਪਤਾ ਨਹੀਂ ਸੀ ਕਿ ਅਜਿਹੇ ਹਾਲਾਤ ਹੋ ਜਾਣਗੇ ਕਿ ਬੇਟੇ ਦੀ ਸਲਾਮਤੀ ਲਈ ਸਰਕਾਰ ਨੂੰ ਗੁਹਾਰ ਲਗਾਉਣੀ ਹੋਵੇਗੀ। ਜ਼ਿਕਰਯੋਗ ਹੈ ਕਿ ਵਿਦੇਸ਼ 'ਚ ਭਾਰਤੀ ਨੌਜਵਾਨਾਂ ਦੇ ਸ਼ੋਸ਼ਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਦੇ ਲਈ ਜ਼ਿੰਮੇਵਾਰ ਸਾਡੀ ਵਿਦੇਸ਼ ਨੀਤੀ ਅਤੇ ਨੌਜਵਾਨਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਇੱਛਾ ਨੂੰ ਘੱਟ ਕਰਨ ਦੀ ਲੋੜ ਹੈ।