ਧੋਖੇ ਨਾਲ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਮਾਮਲੇ ''ਚ ਪੰਜ ਖਿਲਾਫ ਕੇਸ ਦਰਜ

Saturday, Jan 13, 2018 - 02:20 AM (IST)

ਬੱਧਨੀ ਕਲਾਂ, (ਬੱਬੀ)- ਧੋਖੇ ਨਾਲ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾਉਣ ਦੇ ਮਾਮਲੇ 'ਚ ਬੱਧਨੀ ਕਲਾਂ ਦੇ ਪੰਜ ਵਿਅਕਤੀਆਂ ਖਿਲਾਫ ਪੁਲਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਥਾਣਾ ਬੱਧਨੀ ਕਲਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਗੁਰਜੰਟ ਸਿੰਘ ਪੁੱਤਰ ਗੁਰਮੇਲ ਸਿੰਘ ਜੱਟ ਸਿੱਖ ਵਾਸੀ ਬੱਧਨੀ ਕਲਾਂ ਨੇ ਆਈ. ਜੀ. ਬਠਿੰਡਾ ਜ਼ੋਨ ਨੂੰ ਤਕਰੀਬਨ ਤਿੰਨ ਮਹੀਨੇ ਪਹਿਲਾਂ ਕੀਤੀ ਸ਼ਿਕਾਇਤ 'ਚ ਬੇਨਤੀ ਕੀਤੀ ਸੀ ਕਿ ਮੈਂ ਕਾਫੀ ਸਾਲ ਪਹਿਲਾਂ 158 ਮੁਸਤੀਲ ਦੇ ਕਿੱਲਾ ਨੰਬਰ 3 'ਚੋਂ 106 ਮਰਲੇ ਦੀ ਇਕ ਰਜਿਸਟਰੀ ਭਾਗ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਬੱਧਨੀ ਕਲਾਂ ਤੋਂ ਕਰਵਾਈ ਸੀ ਪਰ ਭਾਗ ਸਿੰਘ ਦੇ ਉਸ ਕਿੱਲੇ 'ਚ ਸਿਰਫ 22 ਮਰਲੇ ਰਕਬਾ ਹੀ ਬਣਦਾ ਸੀ, ਜਦਕਿ ਉਸ ਦੇ 84 ਮਰਲੇ ਖੇਵਟ ਨੰਬਰ 162 'ਚ ਬਾਕੀ ਬਚਦੇ ਸਨ। ਇਸ ਦੌਰਾਨ ਭਾਗ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਵਿਰਾਸਤ ਭਾਗ ਸਿੰਘ ਦੇ ਪੁੱਤਰ ਸਤਨਾਮ ਸਿੰਘ ਦੇ ਨਾਂ ਚੜ੍ਹ ਗਈ, ਉਸ ਤੋਂ ਬਾਅਦ ਮੈਂ ਸਤਨਾਮ ਸਿੰਘ ਤੋਂ ਉਕਤ 84 ਮਰਲੇ ਲੈਣ ਲਈ ਉਸ ਨੂੰ ਕਹਿੰਦਾ ਰਿਹਾ ਤੇ ਉਹ ਮੈਨੂੰ ਟਾਲਮਟੋਲ ਕਰਦਾ ਰਿਹਾ ਪਰ ਹੁਣ ਮੈਨੂੰ ਪਤਾ ਲੱਗਾ ਹੈ ਕਿ ਸਤਨਾਮ ਸਿੰਘ, ਰਾਜਦੀਪ ਸਿੰਘ, ਜਸਪ੍ਰੀਤ ਸਿੰਘ, ਬੰਤ ਸਿੰਘ ਨੇ ਆਪਸੀ ਹਮਮਸ਼ਵਰਾ ਹੋ ਕੇ ਉਕਤ ਝਗੜੇ ਵਾਲੀ ਜਗਾ ਦਾ ਜਾਅਲੀ ਅਤੇ ਫਰਜ਼ੀ ਨਕਸ਼ਾ ਤਿਆਰ ਕਰਨ ਉਪਰੰਤ ਆਪਣੇ ਹਿੱਸੇ ਤੋਂ ਵੱਧ ਜ਼ਮੀਨ ਦੀ ਜਿਸ 'ਚ ਮੇਰੇ 84 ਮਰਲੇ ਵੀ ਹਨ, ਦੀ ਰਜਿਸਟਰੀ ਕਿਸੇ ਹੋਰ ਵਿਅਕਤੀ ਨੂੰ ਕਰਵਾ ਕੇ ਮੇਰੇ ਨਾਲ ਧੋਖਾਦੇਹੀ ਕਰ ਚੁੱਕੇ ਹਨ। ਗੁਰਜੰਟ ਸਿੰਘ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਸਾਡਾ ਖਾਤਾ ਮੁਸਤਰਕਾ ਹੋਣ ਕਾਰਨ ਨੈਸ਼ਨਲ ਹਾਈਵੇ ਦੇ ਬਣਨ ਵਾਲੇ ਰੋਡ ਦੀ ਐਕਵਾਇਰ ਜਗ੍ਹਾ ਦਾ ਮੇਰਾ ਜੋ ਚੈੱਕ ਸੀ, ਉਸ ਨੂੰ ਵੀ ਉਕਤ ਵਿਅਕਤੀ ਰੋਕੀ ਬੈਠੇ ਹਨ ਤੇ ਮੇਰੇ ਤੇ ਮੇਰੇ ਪਰਿਵਾਰ ਦਾ ਕਿਸੇ ਵੀ ਸਮੇਂ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ। 
ਥਾਣਾ ਬੱਧਨੀ ਕਲਾਂ ਵਿਖੇ ਸਤਨਾਮ ਸਿੰਘ ਪੁੱਤਰ ਭਾਗ ਸਿੰਘ, ਰਾਜਦੀਪ ਸਿੰਘ ਪੁੱਤਰ ਬੰਤ ਸਿੰਘ, ਜਸਪ੍ਰੀਤ ਸਿੰਘ ਪੁੱਤਰ ਬੰਤ ਸਿੰਘ, ਅਮਰ ਸਿੰਘ ਅਤੇ ਰਤਨ ਸਿੰਘ ਪੁੱਤਰ ਜਰਨੈਲ ਸਿੰਘ ਜੱਟ ਸਿੱਖ ਵਾਸੀ ਬੱਧਨੀ ਕਲਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੇਵਕ ਸਿੰਘ ਵੱਲੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਕਿਸੇ ਵਿਅਕਤੀ ਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।


Related News