90 ਸਾਲ ਦੀ ਉਮਰ ’ਚ ਵੇਸਣ ਦੀ ਬਰਫ਼ੀ ਬਣਾਉਣ ਨਾਲ ਕਾਰੋਬਾਰ ਸ਼ੁਰੂ ਕੀਤਾ, ਅੱਜ ਹਨ ਸਫ਼ਲ ਉੱਦਮੀ

Monday, May 15, 2023 - 06:34 PM (IST)

90 ਸਾਲ ਦੀ ਉਮਰ ’ਚ ਵੇਸਣ ਦੀ ਬਰਫ਼ੀ ਬਣਾਉਣ ਨਾਲ ਕਾਰੋਬਾਰ ਸ਼ੁਰੂ ਕੀਤਾ, ਅੱਜ ਹਨ ਸਫ਼ਲ ਉੱਦਮੀ

ਚੰਡੀਗੜ੍ਹ (ਜ. ਬ.) : ਇਕ ਕਹਾਵਤ ਹੈ ਕਿ ਕੁਝ ਵੀ ਕਰਨ ਦੀ ਚਾਹ ਹੋਵੇ ਤਾਂ ਉਮਰ ਅੜਚਨ ਨਹੀਂ ਹੋ ਸਕਦੀ ਅਤੇ ਮੋਹਾਲੀ ਦੀ ਰਹਿਣ ਵਾਲੀ ਹਰਭਜਨ ਕੌਰ ਨੇ ਇਹ ਕਹਾਵਤ ਸਿੱਧ ਕਰ ਕੇ ਵਿਖਾ ਦਿੱਤੀ ਹੈ। ਜਿਸ ਉਮਰ ’ਚ ਲੋਕਾਂ ਦੀ ਇੱਛਾ ਤੀਰਥ ਯਾਤਰਾ ਜਾਣ ਦੀ ਹੁੰਦੀ ਹੈ, ਉਸ ਉਮਰ ’ਚ ਹਰਭਜਨ ਕੌਰ ਦੀ ਇੱਛਾ ਸੀ ਆਪਣੇ ਹੁਨਰ ਨੂੰ ਦੁਨੀਆ ਤਕ ਪਹੁੰਚਾਉਣ ਦੀ। ਜਿਸ ਦਿਨ ਹਰਭਜਨ ਕੌਰ 90 ਸਾਲ ਦੇ ਹੋਏ, ਉਸ ਦਿਨ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀ ਕੋਈ ਇੱਛਾ ਅਧੂਰੀ ਰਹਿ ਗਈ ਹੈ, ਜਵਾਬ ਵਿਚ ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਉਹ ਆਪਣੇ ਹੁਨਰ ਅਤੇ ਸ਼ੌਕ ਨੂੰ ਦੁਨੀਆ ਭਰ ਵਿਚ ਪਹੁੰਚਾਉਣਾ ਚਾਹੁੰਦੀ ਹੈ, ਜੋ ਉਹ ਪਹਿਲਾਂ ਨਹੀਂ ਕਰ ਸਕੀ।

PunjabKesari

ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੋ ਸਕੇਗਾ, ਜਦੋਂ ਕਿ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਲਈ ਨਾਲੇਜ ਅਤੇ ਪੈਸਾ ਦੋਵੇਂ ਜ਼ਰੂਰੀ ਹਨ, ਜਿਸ ’ਤੇ ਹਰਭਜਨ ਕੌਰ ਨੇ ਕਿਹਾ ਕਿ ਮੈਨੂੰ ਮੱਧਮ ਆਂਚ ’ਤੇ ਵੇਸਣ ਦੀ ਬਰਫੀ ਬਹੁਤ ਵਧੀਆ ਬਣਾਉਣੀ ਆਉਂਦੀ ਹੈ। ਉਨ੍ਹਾਂ ਦੀ ਬੇਟੀ ਉਨ੍ਹਾਂ ਦੇ ਹੱਥ ਦੀ ਬਣੀ ਵੇਸਣ ਦੀ ਬਰਫ਼ੀ ਲੋਕਲ ਮਾਰਕੀਟ ਵਿਚ ਲੈ ਕੇ ਗਈ ਅਤੇ ਲੋਕਾਂ ਨੂੰ ਇਹ ਬਰਫੀ ਬਹੁਤ ਪਸੰਦ ਆਈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ‘ਸਰਕਾਰ ਆਪਕੇ ਦੁਆਰ’ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਕਰਨਗੇ ਮੁਲਾਕਾਤ

ਇੱਥੋਂ ਸ਼ੁਰੂ ਹੋਇਆ ਉਨ੍ਹਾਂ ਦੇ ਕਾਰੋਬਾਰੀ ਬਣਨ ਦਾ ਸਫ਼ਰ। 90 ਸਾਲ ਦੀ ਉਮਰ ਵਿਚ ਹਰਭਜਨ ਕੌਰ ਨੇ ਵੇਸਣ ਦੀ ਬਰਫ਼ੀ ਦਾ ਪਹਿਲਾ ਆਰਡਰ ਵੇਚਿਆ, ਜਿਸ ਦੇ ਉਨ੍ਹਾਂ ਨੂੰ 2000 ਰੁਪਏ ਮਿਲੇ। 2017 ਵਿਚ ਉਨ੍ਹਾਂ ਨੇ ‘ਹਰਭਜਨ ਦੇ ਬਚਪਨ ਦੀ ਯਾਦ ਆ ਜਾਵੇ’ ਦੀ ਸਥਾਪਨਾ ਕੀਤੀ, ਜੋ ਹੱਥ ਨਾਲ ਬਣੀ ਮਠਿਆਈ, ਅਚਾਰ, ਚਟਨੀ ਅਤੇ ਹੋਰ ਵਿਅੰਜਨਾਂ ਵਿਚ ਮਾਹਰ ਹੈ। ਹਰਭਜਨ ਕੌਰ ਦੀ ਬੇਟੀ ਰਵੀਨਾ ਸੂਰੀ ਇਸ ਕੰਮ ਦਾ ਪੀ. ਆਰ. ਸੰਭਾਲਦੇ ਹਨ, ਉਨ੍ਹਾਂ ਦੀ ਪੋਤੀ ਮਲਿਕਾ ਸੂਰੀ ਆਰਡਰ ਪੂਰਤੀ ਅਤੇ ਮਾਰਕੀਟਿੰਗ ਸੰਭਾਲਦੇ ਹਨ ਅਤੇ ਉਨ੍ਹਾਂ ਦੇ ਪੋਤਰੇ ਸ਼ੈੱਫ਼ ਮਾਨਸ ਸੂਰੀ ਉਤਪਾਦਨ ਦੀ ਦੇਖਭਾਲ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਵਲੋਂ ਚਲਾਇਆ ਜਾਣ ਵਾਲਾ ਇਹ ਪੇਸ਼ਾ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਵਿਚੋਂ ਇਕ ਹੈ। ਮਲਿਕਾ ਦੱਸਦੇ ਹਨ ਕਿ ਐਮੇਜ਼ਨ ਦੇ ਕੁਸ਼ਲ ਕਾਰੀਗਰ ਪ੍ਰੋਗਰਾਮ ਨਾਲ ਜੁੜਨ ਤੋਂ ਬਾਅਦ ਕਰੋਬਾਰ ਵਿਚ ਹੋਰ ਵਾਧਾ ਹੋਇਆ। ਉਥੇ ਹੀ ਰਵੀਨਾ ਸੂਰੀ ਨੇ ਦੱਸਿਆ ਕਿ ਕੋਰੋਨਾ ਵਿਚ ਲਾਕਡਾਊਨ ਦੌਰਾਨ ਸੋਸ਼ਲ ਡਿਸਟੈਂਸ ਬਹੁਤ ਜ਼ਰੂਰੀ ਸੀ ਅਤੇ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਘਰ ਆ ਕੇ ਆਪਣਾ ਆਰਡਰ ਲਵੇ ਤਾਂ ਐਮੇਜ਼ਨ ਕੁਸ਼ਲ ਕਾਰੀਗਰ ਪ੍ਰੋਗਰਾਮ ਨਾਲ ਅਸੀਂ ਜੁੜੇ।

ਇਹ ਵੀ ਪੜ੍ਹੋ : ਦੋਆਬੇ ਦੀ ਰਾਜਨੀਤੀ ’ਚ ਸੁਸ਼ੀਲ ਰਿੰਕੂ ਦਾ ਕੱਦ ਵਧਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ

https://t.me/onlinejagbani


author

Anuradha

Content Editor

Related News