ਪਟਾਕਿਆਂ ਨਾਲ ਜ਼ਖਮੀ 8 ਦਰਜਨ ਲੋਕ ਪੁੱਜੇ ਹਸਪਤਾਲਾਂ ''ਚ
Saturday, Oct 21, 2017 - 08:32 AM (IST)
ਲੁਧਿਆਣਾ (ਸਹਿਗਲ)-ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਜ਼ਖਮੀ ਹੋ ਕੇ ਲਗਭਗ 8 ਦਰਜਨ ਤੋਂ ਜ਼ਿਆਦਾ ਵਿਅਕਤੀ ਹਸਪਤਾਲਾਂ ਵਿਚ ਪੁੱਜੇ ਹਨ। ਇਨ੍ਹਾਂ ਵਿਚ 65 ਮਰੀਜ਼ 4 ਹਸਪਤਾਲਾਂ ਵਿਚ ਰਿਪੋਰਟ ਹੋਏ ਹਨ। 32 ਮਰੀਜ਼ ਇਕੱਲੇ ਸੀ. ਐੱਮ. ਸੀ. ਵਿਚ ਇਲਾਜ ਹਿੱਤ ਆਏ। ਹਸਪਤਾਲ ਪ੍ਰਬੰਧਕਾਂ ਦੇ ਮੁਤਾਬਕ ਇਨ੍ਹਾਂ ਵਿਚ 20 ਮੱਧ ਰਾਤ ਤੋਂ ਪਹਿਲਾਂ ਹਸਪਤਾਲ ਪੁੱਜ ਗਏ। 6 ਲੋਕਾਂ ਦੀਆਂ ਅੱਖਾਂ 'ਤੇ ਬੁਰੀ ਤਰ੍ਹਾਂ ਸੱਟ ਲੱਗੀ ਸੀ ਜਦੋਂਕਿ 20 ਮਰੀਜ਼ ਰਾਤ 12 ਵਜੇ ਤੋਂ ਬਾਅਦ ਹਸਪਤਾਲ ਪੁੱਜੇ। ਦਯਾਨੰਦ ਹਸਪਤਾਲ ਵਿਚ 26 ਮਰੀਜ਼ ਪਟਾਕਿਆਂ ਨਾਲ ਜ਼ਖਮੀ ਹੋ ਕੇ ਪੁੱਜੇ। ਇਨ੍ਹਾਂ ਵਿਚੋਂ 3 ਦੇ ਗੰਭੀਰ ਹੋਣ ਕਾਰਨ ਹਸਪਤਾਲ ਵਿਚ ਭਰਤੀ ਕਰਨਾ ਪਿਆ। ਜੀ. ਟੀ. ਬੀ. ਹਸਪਤਾਲ ਵਿਚ ਵੀ 20 ਮਰੀਜ਼ ਪਟਾਕਿਆਂ ਤੋਂ ਜ਼ਖਮੀ ਹੋ ਕੇ ਪੁੱਜੇ। ਇਨ੍ਹਾਂ ਵਿਚੋਂ 7 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਹੈ। 13 ਮਰੀਜ਼, ਜਿਨ੍ਹਾਂ ਦੇ ਹੱਥ ਮੂੰਹ ਪਟਾਕਿਆਂ ਕਾਰਨ ਸੜ ਗਏ ਸਨ, ਨੂੰ ਮੁੱਢਲਾ ਇਲਾਜ ਕਰ ਕੇ ਛੁੱਟੀ ਦੇ ਦਿੱਤੀ ਗਈ। ਰਮੇਸ਼ ਸੁਪਰ ਸਪੈਸ਼ਲਿਸਟ ਆਈ ਹਸਪਤਾਲ ਦੇ ਡਾ. ਰਮੇਸ਼ ਮੰਸਰਾ ਦੇ ਮੁਤਾਬਕ ਉਨ੍ਹਾਂ ਦੇ ਹਸਪਤਾਲ ਵਿਚ 7 ਮਰੀਜ਼ ਜ਼ਖ਼ਮੀ ਹਾਲਤ ਵਿਚ ਪੁੱਜੇ। 6 ਦੀਆਂ ਅੱਖਾਂ 'ਤੇ ਪਟਾਕਿਆਂ ਕਾਰਨ ਸੱਟ ਲੱਗੀ ਸੀ। ਇਸ ਤਰ੍ਹਾਂ ਛੋਟੇ ਹਸਪਤਾਲਾਂ, ਨਰਸਿੰਗ ਹੋਮ ਵਿਚ ਵੀ ਮਰੀਜ਼ਾਂ ਦਾ ਆਉਣਾ ਜਾਰੀ ਰਿਹਾ।
