ਭਾਰਤ-ਪਾਕਿ ਸਰਹੱਦ 'ਤੇ ਬਣੀ ਮਜ਼ਾਰ 'ਤੇ ਸ਼ਰਧਾਲੂਆਂ ਨੇ ਕੀਤਾ ਸਿਜਦਾ (ਵੀਡੀਓ)
Wednesday, Jun 20, 2018 - 04:52 PM (IST)
ਫਾਜ਼ਿਲਕਾ (ਬਿਊਰੋ) - ਫਾਜ਼ਿਲਕਾ ਦੇ ਨੇੜਲੇ ਪਿੰਡ ਗੁਲਾਬ ਭੈਣੀ 'ਚ ਹਰ ਸਾਲ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਮੇਲਾ ਲੱਗਦਾ ਹੈ। ਇਸ ਮੇਲੇ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕ ਕੇ ਮੰਨਤ ਮੰਗਦੇ ਹਨ। ਭਾਵੇਂ ਇਹ ਕੰਡਿਆਲੀ ਤਾਰ ਨੇ ਭਾਰਤ ਤੇ ਪਾਕਿਸਤਾਨ ਨੂੰ ਕਈ ਸਾਲ ਪਹਿਲਾਂ ਹੀ ਵੰਡ ਦਿੱਤਾ ਸੀ ਪਰ ਇੱਥੇ ਮੱਥਾ ਟੇਕਣ ਵਾਲਿਆਂ ਦੇ ਦਿਲਾਂ ਨੂੰ ਕਦੇ ਵੰਡ ਨਹੀਂ ਪਾਈ। ਜਿਸਦੇ ਚੱਲਦਿਆਂ ਆਏ ਸਾਲ ਜ਼ੀਰੋ ਲਾਈਨ 'ਤੇ ਬਣੀ ਮਜ਼ਾਰ 'ਤੇ ਬੜੀ ਹੀ ਧੂਮਧਾਮ ਨਾਲ ਮੇਲਾ ਲਗਾਇਆ ਜਾਂਦਾ ਹੈ।
ਇਸ ਮੇਲੇ 'ਚ ਭਾਰਤ ਦੇ ਲੋਕਾਂ ਵੱਲੋਂ ਤਾਂ ਮਜ਼ਾਰ 'ਤੇ ਸਿਜਦਾ ਕੀਤਾ ਗਿਆ ਪਰ ਪਾਕਿਸਤਾਨ ਨਾਲ ਰਿਸ਼ਤਿਆਂ 'ਚ ਆਈ ਕੜਵਾਹਟ ਕਾਰਨ ਉਥੋਂ ਦੇ ਵਸਨੀਕਾਂ ਨੂੰ ਦੂਰ ਤੋਂ ਹੀ ਮੱਥਾ ਟੇਕਣਾ ਪਿਆ। ਇਸ ਮੌਕੇ ਭਾਰਤੀ ਸ਼ਰਧਾਲੂਆਂ ਨੇ ਵੀ ਬੀ. ਐੱਸ. ਐੱਫ. ਜਵਾਨਾਂ ਦੀ ਕੜੀ ਸੁਰੱਖਿਆ 'ਚ ਮਜ਼ਾਰ 'ਤੇ ਮੱਥਾ ਟੇਕਿਆ।ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਇੰਨੇ ਸਾਲਾਂ ਤੋਂ ਇਸ ਮਜ਼ਾਰ 'ਤੇ ਮੇਲਾ ਲੱਗ ਰਿਹਾ ਹੈ। ਇਸ ਮੌਕੇ ਉਹ ਇਹੀ ਦੁਆ ਕਰਦੇ ਹਨ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਮੇਲਾ ਇਸੇ ਤਰ੍ਹਾਂ ਹੀ ਲੱਗਦਾ ਰਹੇ ਤੇ ਆਪਸੀ ਭਾਈਚਾਰਾ ਬਣਿਆ ਰਹੇ।