ਯਾਤਰੀਆਂ ਨਾਲ ਮਾੜੇ ਵਤੀਰੇ ਕਾਰਨ ਵਿਵਾਦਾਂ ''ਚ ਰਹੀ ਇੰਡੀਗੋ ਏਅਰਲਾਈਨਜ਼
Friday, Mar 23, 2018 - 10:51 AM (IST)
ਜਲੰਧਰ (ਅਨਿਲ ਸਲਵਾਨ)— ਇੰਡੀਗੋ ਏਅਰਲਾਈਨਜ਼ ਦੀ ਬਾਜ਼ਾਰ 'ਚ ਹਿੱਸੇਦਾਰੀ ਪਿਛਲੇ ਸਾਲ ਚੰਗੀ ਨਹੀਂ ਰਹੀ। ਸਾਡੇ ਕੋਲ ਅਜਿਹੇ 9 ਮੌਕੇ ਹਨ, ਜਦੋਂ ਇੰਡੀਗੋ ਏਅਰਲਾਈਨਜ਼ ਯਾਤਰੀਆਂ ਨਾਲ ਮਾੜੇ ਵਤੀਰੇ ਕਾਰਨ ਵਿਵਾਦਾਂ 'ਚ ਰਹੀ। ਪਿਛਲੇ ਸਾਲ 4 ਨਵੰਬਰ ਨੂੰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਦਾਅਵਾ ਕੀਤਾ ਸੀ ਕਿ ਇੰਡੀਗੋ ਦੇ ਗਰਾਊਂਡ ਸਟਾਫ ਨੇ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ। ਇਸ ਤੋਂ ਪਹਿਲਾਂ ਇਕ ਅਜਿਹਾ ਵੀਡੀਓ ਸਾਹਮਣੇ ਆਇਆ, ਜਿਸ ਵਿਚ ਇਕ ਹਵਾਈ ਯਾਤਰੀ ਨਾਲ 2 ਇੰਡੀਗੋ ਕਰਮਚਾਰੀ ਕੁੱਟਮਾਰ ਕਰਦੇ ਦਿਸੇ।
15 ਅਕਤੂਬਰ ਨੂੰ ਇਨ੍ਹਾਂ ਕਰਮਚਾਰੀਆਂ ਨੇ ਹਵਾਈ ਯਾਤਰੀ ਨੂੰ ਏਅਰਬੱਸ 'ਚ ਜਾਣ ਤੋਂ ਰੋਕਿਆ ਸੀ। 11 ਨਵੰਬਰ ਨੂੰ ਇਕ ਯਾਤਰੀ ਦਾ ਲੈਪਟਾਪ ਸੜ ਗਿਆ। ਕੁਝ ਦਿਨਾਂ ਬਾਅਦ ਇਕ ਵ੍ਹੀਲਚੇਅਰ ਤੋਂ ਡਿਗਣ ਕਾਰਨ ਮਹਿਲਾ ਯਾਤਰੀ ਜ਼ਖਮੀ ਹੋ ਗਈ। ਇਸ ਤੋਂ ਅਗਲੇ ਦਿਨ ਵਿਸ਼ਾਖਾਪਟਨਮ ਹਵਾਈ ਅੱਡੇ 'ਤੇ ਉਡਾਣ ਭਰਨ ਦੌਰਾਨ ਜਹਾਜ਼ ਨਾਲ ਇਕ ਸੂਰ ਦੇ ਟਕਰਾਉਣ ਨਾਲ ਪਿਛਲਾ ਪਹੀਆ ਟੁੱਟ ਗਿਆ, ਜਿਸ ਕਾਰਨ 154 ਯਾਤਰੀ ਵਾਲ-ਵਾਲ ਬਚ ਗਏ। ਨਵੰਬਰ 'ਚ ਹੀ ਗੁਹਾਟੀ ਹਵਾਈ ਅੱਡੇ 'ਤੇ ਇਕ ਔਰਤ ਵਕੀਲ ਨਾਲ 2 ਇੰਡੀਗੋ ਕਰਮਚਾਰੀ ਨੇ ਮਾੜਾ ਵਤੀਰਾ ਕੀਤਾ। 26 ਨਵੰਬਰ ਨੂੰ ਉੱਘੇ ਇਤਿਹਾਸਕਾਰ ਰਾਮ ਚੰਦਰ ਗੁਹਾ ਨੇ ਟਵਿੱਟਰ 'ਤੇ ਇੰਡੀਗੋ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਨ ਦੀ ਸ਼ਿਕਾਇਤ ਕੀਤੀ।
