ਗੰਦੇ ਨਾਲਿਆਂ ਕੰਢੇ ਵੱਸਣ ਦੇ ਆਦੀ ਹੋਏ ਪਵਿੱਤਰ ਨਦੀਆਂ ਕੰਢੇ ਵੱਸਣ ਵਾਲੇ ਲੋਕ
Saturday, Jun 29, 2019 - 06:15 PM (IST)

ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਦੁਨੀਆ ਦੀ ਹਰ ਸੱਭਿਅਤਾ ਦਾ ਵਿਕਾਸ ਪਵਿੱਤਰ ਨਦੀਆਂ ਅਤੇ ਦਰਿਆਵਾਂ ਦੇ ਕਿਨਾਰੇ ਹੀ ਹੋਇਆ। ਕੁਦਰਤੀ ਤਬਦੀਲੀਆਂ ਕਾਰਨ ਜੇਕਰ ਇਨ੍ਹਾਂ ਨਦੀਆਂ-ਦਰਿਆਵਾਂ ਨੇ ਆਪਣਾ ਰੂਪ ਵਟਾਇਆ ਤਾਂ ਇਨ੍ਹਾਂ ਦੇ ਨਾਲ ਹੀ ਮਨੁੱਖੀ ਸੱਭਿਅਤਾ ਦਾ ਵੀ ਮੂੰਹ-ਮੁੰਹਾਂਦਰਾ ਬਦਲ ਗਿਆ। ਸ਼ਾਇਦ ਇਸੇ ਕਰਕੇ ਹੀ ਸਦੀਆਂ ਪੁਰਾਣੀਆਂ ਸੱਭਿਅਤਾਵਾਂ ਵੀ ਬਦਲਦੇ ਹਾਲਾਤ ਸਾਹਮਣੇ ਅਲੋਪ ਹੋ ਕੇ ਰਹਿ ਗਈਆਂ। ਇਨ੍ਹਾਂ ਅਲੋਪ ਹੋਈਆਂ ਸੱਭਿਅਤਾਵਾਂ ਦੇ ਅਨੇਕਾਂ ਨਿਸ਼ਾਨ ਪੰਜਾਬ ਦੀ ਧਰਤੀ 'ਤੇ ਅੱਜ ਵੀ ਮੌਜੂਦ ਹਨ। ਗੱਲ ਸਾਡੀ ਮੌਜੂਦਾ ਸੱਭਿਅਤਾ ਦੀ ਕਰੀਏ ਤਾਂ ਅੱਜ ਵੀ ਭਾਰਤ ਦੇ ਅਨੇਕਾਂ ਸ਼ਹਿਰ ਨਦੀਆਂ ਅਤੇ ਦਰਿਆਵਾਂ ਦੇ ਕੰਢਿਆਂ ’ਤੇ ਹੀ ਵੱਸਦੇ ਹਨ। ਇਹ ਗੱਲ ਵੱਖ ਹੈ ਕਿ ਹੁਣ ਇਹ ਨਦੀਆਂ ਅਤੇ ਦਰਿਆ ਪਾਕਿ ਪਵਿੱਤਰ ਅਤੇ ਸਾਫ-ਸੁਥਰੇ ਨਾ ਹੋ ਕੇ ਗੰਦੇ ਨਾਲਿਆਂ ਵਿਚ ਤਬਦੀਲ ਹੋ ਚੁੱਕੇ ਹਨ। ਸਾਡੀ ਤਰਾਸਦੀ ਇਹ ਹੈ ਕਿ ਸਦੀਆਂ ਤੋਂ ਪਵਿੱਤਰ ਨਦੀਆਂ ਕੰਢੇ ਵੱਸਣ ਵਾਲੇ ਲੋਕ ਅਜੋਕੇ ਯੁੱਗ ਤੱਕ ਪੁੱਜ ਕੇ ਗੰਦੇ ਨਾਲਿਆਂ ਕੰਢੇ ਵੱਸਣ ਦੇ ਆਦੀ ਹੋ ਗਏ ਹਨ। ਭਾਰਤ ਦੀਆਂ ਇਹ ਪ੍ਰਮੱਖ ਨਦੀਆਂ ਗੰਗਾ, ਯਮੁਨਾ, ਹੈਦਰਬਾਦ ਦੀ ਮੂਸੀ ਨਦੀ, ਚਨਈ ਦੀ ਕੂਮ ਨਦੀ, ਮੁੰਬਈ ਦੀ ਮਿੱਥੀ ਨਦੀ, ਪੂਨੇ ਦੀ ਮੂਲਾ-ਮੂਥਾ ਨਦੀ, ਲਖਨਊ ਦੀ ਗੋਮਤੀ ਨਦੀ ਆਦਿ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ। ਇਨ੍ਹਾਂ ਦੇ ਕਿਨਾਰਿਆਂ ’ਤੇ ਸੈਂਕੜਿਆਂ ਦੇ ਹਿਸਾਬ ਨਾਲ ਸ਼ਹਿਰ ਵੱਸਦੇ ਹਨ। ਸੱਚਾਈ ਇਹ ਹੈ ਕਿ ਇਨ੍ਹਾਂ ਸਾਰੀਆਂ ਨਦੀਆਂ ਕੋਈ ਨਾ ਕੋਈ ਧਾਰਮਿਕ ਮਹੱਤਵ ਵੀ ਹੈ। ਹੈਰਾਨੀ ਦੀ ਗੱਲ ਇਹ ਕਿ ਸਾਡਾ ਸਮਾਜ ਇਸ ਭਿਆਨਕ ਗੰਦਗੀ ਨੂੰ ਅੱਖਾਂ ਮੀਚ ਕੇ ਚੁੱਪ-ਚਾਪ ਰਹਿਣ ਦਾ ਆਦੀ ਹੋ ਚੁੱਕਾ ਹੈ।
ਦੇਸ਼ ਦੀਆਂ 62 ਫੀਸਦੀ ਨਦੀਆਂ ਪ੍ਰਦੂਸ਼ਿਤ
ਸਾਲ 2018 'ਚ ਕੇਂਦਰੀ ਪ੍ਰਦੂਸ਼ਣ ਵਿਭਾਗ ਕੋਲੋਂ ਆਰ. ਟੀ. ਆਈ. ਰਾਹੀਂ ਪ੍ਰਾਪਤ ਜਾਣਕਾਰੀ 'ਚ ਇਹ ਖੁਲਾਸਾ ਹੋਇਆ ਸੀ ਕਿ ਭਾਰਤ ਦੀਆਂ ਲਗਭਗ 323 ਨਦੀਆਂ ਦਾ ਪਾਣੀ ਨਹਾਉਣ ਦੇ ਵੀ ਕਾਬਲ ਨਹੀਂ ਹੈ। ਇਸ ਲਿਖਤੀ ਰਿਪੋਰਟ ਮੁਤਾਬਕ ਇਹ ਕਰੀਬ 62 ਫੀਸਦੀ ਨਦੀਆਂ ਹਨ, ਜੋ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਦੇਸ਼ ਦੀਆਂ 521 ਨਦੀਆਂ ਦੇ ਪਾਣੀ ਦੀ ਮਾਨੀਟਰਿੰਗ ਕਰ ਰਹੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸਾਲ 2018 'ਚ ਦੇਸ਼ ਦੀਆਂ 198 ਨਦੀਆਂ ਹੀ ਸਾਫ ਸਨ। ਇਨ੍ਹਾਂ ਨਦੀਆਂ 'ਚ ਜ਼ਿਆਦਾ ਛੋਟੀਆਂ ਨਦੀਆਂ ਹਨ। ਇਸ ਦੇ ਉਲਟ ਵੱਡੀਆਂ ਨਦੀਆਂ ਦਾ ਪਾਣੀ ਖਤਰਨਾਕ ਪ੍ਰਦੂਸ਼ਣ ਦੀ ਚਪੇਟ 'ਚ ਹੈ । ਨਦੀਆਂ ਦੀ ਸਵੱਛਤਾ ਪੱਖੋਂ ਮਹਾਰਾਸ਼ਟਰ ਦੇ ਹਾਲਾਤ ਕਾਫੀ ਬੁਰੇ ਹਨ ਹਨ। ਏਥੇ ਸਿਰਫ 7 ਨਦੀਆਂ ਹੀ ਸਾਫ ਹਨ ਜਦਕਿ 45 ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੈ।
ਪੰਜਾਬ 'ਚ ਸਤਲੁਜ ਦੇ ਹਾਲਾਤ ਬੇਹੱਦ ਬਦਤਰ
ਇਸੇ ਤਰ੍ਹਾਂ ਗੱਲ ਪੰਜਾਬ ਦੀ ਕਰੀਏ ਸਾਡੇ ਦਰਿਆਵਾਂ ਅਤੇ ਨਦੀਆਂ ਦੇ ਹਾਲਾਤ ਵੀ ਬੇਹੱਦ ਬਦਤਰ ਹੋ ਚੁੱਕੇ ਹਨ। ਸਤਲੁਜ ਦਰਿਆ ਨੂੰ ਤਾਂ ਹੁਣ ਦਰਿਆ ਕਹਿਣਾ ਵੀ ਠੀਕ ਪ੍ਰਤੀਤ ਨਹੀਂ ਹੁੰਦਾ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਇਸੇ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਹੈ। ਇਸ ਗੱਲ ਦਾ ਥੋੜ੍ਹਾ ਹੋਰ ਵਿਸਥਾਰ ਕਰੀਏ ਤਾਂ ਲੁਧਿਆਣਾ ਸ਼ਹਿਰ ਸਤਲੁਜ ਦਰਿਆ ਦੀ ਸਹਾਇਕ ਧਾਰਾ ਬੁੱਢੇ ਦਰਿਆ ਦੇ ਕੰਢੇ 'ਤੇ ਵਸਿਆ ਹੋਇਆ ਹੈ। ਬੁੱਢਾ ਦਰਿਆ ਮਾਛੀਵਾੜਾ ਦੇ ਇਲਾਕੇ 'ਚ ਕੁਝ ਕੁਦਰਤੀ ਧਾਰਾਵਾਂ ਦੇ ਮੇਲ ਨਾਲ ਪੈਦਾ ਹੁੰਦੀ ਜਲ ਧਾਰਾ ਸੀ, ਜੋ ਕੂੰਮਕਲਾਂ, ਤਾਜਪੁਰ, ਜਮਾਲਪੁਰ ਆਦਿ ਪਿੰਡਾਂ ਕੋਲੋਂ ਹੋ ਕੇ ਲੁਧਿਆਣਾ ਸ਼ਹਿਰ 'ਚੋਂ ਲੰਘ ਕੇ ਹੰਭੜਾਂ ਤੋਂ ਅੱਗੇ ਪਿੰਡ ਵਲੀਪੁਰ ਕੋਲ ਪਹੁੰਚ ਕੇ ਦਰਿਆ ਸਤਲੁਜ 'ਚ ਜਾ ਰਲਦਾ ਹੈ। ਮੌਜੂਦਾ ਸਮੇਂ ਦੌਰਾਨ ਇਹ ਧਾਰਾ ਪੂਰੀ ਤਰ੍ਹਾਂ ਗੰਦੇ ਨਾਲੇ 'ਚ ਤਬਦੀਲ ਹੋ ਚੁੱਕੀ ਹੈ।
ਸੱਚਾਈ ਇਹ ਹੈ ਕਿ ਇਹ ਇਕੱਲਾ ਹੀ ਗੰਦੇ ਨਾਲੇ 'ਚ ਤਬਦੀਲ ਨਹੀਂ ਹੋਇਆ ਬਲਕਿ ਇਸ ਨੇ ਸਤਲੁਜ ਦਰਿਆ ਦਾ ਵੀ ਮੂੰਹ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ। ਸਤਲੁੱਜ 'ਚ ਇਸ ਦਾ ਪਾਣੀ ਰਲਣ ਕਾਰਨ ਮੌਜੂਦਾ ਸਮੇਂ 'ਚ ਸਤਲੁਜ ਦਾ ਪਾਣੀ ਵੀ ਡੀ ਗਰੇਡ ਦਾ ਹੋ ਚੁੱਕਾ ਹੈ, ਇਹ ਪੀਣ ਤਾਂ ਕੀ ਨਹਾਉਣ ਦੇ ਵੀ ਕਾਬਲ ਨਹੀਂ ਹੈ। ਅੱਗੇ ਜਾ ਕੇ ਇਹ ਪਾਣੀ ਦਰਿਆ ਬਿਆਸ ਦੇ ਪਾਣੀ 'ਚ ਮਿਲ ਜਾਂਦਾ ਹੈ, ਜਿਸ ਕਾਰਨ ਦਰਿਆ ਬਿਆਸ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਚੜ੍ਹਦੇ ਪੰਜਾਬ ਇਨ੍ਹਾਂ ਦੋਹਾਂ ਦਰਿਆਵਾਂ ਦਾ ਪਾਣੀ ਗੰਦੇ ਨਾਲੇ ਦੇ ਪਾਣੀ ਦਾ ਰੂਪ ਧਾਰਨ ਕਰ ਜਾਂਦਾ ਹੈ।
ਸਤਲੁਜ ਨੂੰ ਗੰਦਾ ਕਰਨ 'ਚ ਚਿੱਟੀ ਵੇਈਂ ਅਤੇ ਕਾਲਾ ਸੰਘਿਆ ਡਰੇਨ ਦਾ ਵੀ ਵੱਡਾ ਰੋਲ
ਸਤਲੁਜ ਨੂੰ ਗੰਦਾ ਕਰਨ 'ਚ ਚਿੱਟੀ ਵੇਂਈ ਦਾ ਵੀ ਵੱਡਾ ਰੋਲ ਹੈ। ਇਹ ਵੇਈਂ ਸ਼ਿਵਾਲਿਕ ਦੀਆਂ ਪਹਾੜੀਆਂ 'ਚੋਂ ਨਿਕਲਦੀ ਹੋਈ ਪੰਜਾਬ ਦੇ ਦੋ ਵੱਡੇ ਸ਼ਹਿਰਾਂ ਫਗਵਾੜਾ ਅਤੇ ਨਵਾਂਸ਼ਹਿਰ ਦੇ ਵਿਚਕਾਰ ਦੀ ਲੰਘਦੀ ਹੈ। ਇਨ੍ਹਾਂ ਦੋਹਾਂ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਪਾਣੀ ਇਸ ਵੇਈਂ ਨੂੰ ਗੰਦੇ ਨਾਲੇ 'ਚ ਤਬਦੀਲ ਕਰ ਦਿੰਦਾ ਹੈ। ਅੱਗੋਂ ਜਾ ਕੇ ਇਹ ਇਹ ਵੇਈਂ ਕਾਂਗਣਾ ਮਲਸੀਆਂ, ਫੁੱਲ, ਘੁੱਦੂਵਾਲ, ਨਵਾਂ ਪਿੰਡ ਦੋਨੇਵਾਲ, ਸਿੱਧੂਪੁਰ, ਨਵਾਂ ਪਿੰਡ ਖਾਲੇਵਾਲ, ਗਿੱਦੜ ਪਿੰਡੀ, ਨੱਲ੍ਹ, ਮਾਣਕ, ਨਸੀਰਪੁਰ ਮੰਡਾਲਾ ਆਦਿ ਪਿੰਡਾਂ ਨੇੜਿਓਂ ਲੰਘਦੀ ਹੋਈ ਸਤਲੁਜ ਦਰਿਆ 'ਚ ਹੀ ਜਾ ਰਲਦੀ ਹੈ। ਇਸ ਵੇਈਂ ਦੇ ਵਹਿਣ ਵਿਚ ਅਨੇਕਾਂ ਜ਼ਹਿਰੀਲੇ ਰਸਾਇਣ ਵੀ ਰਲੇ ਹੋਏ ਹਨ। ਇਹ ਜ਼ਹਿਰੀਲੇ ਰਸਾਇਣ ਕਾਲਾ ਸੰਘਿਆ ਡਰੇਨ ਦੀ ਦੇਣ ਹਨ। ਕਾਲਾ ਸੰਘਿਆ ਡਰੇਨ 'ਚ ਇਹ ਜ਼ਹਿਰੀਲੇ ਜਲੰਧਰ ਦੇ ਲੈਦਰ ਕੰਪਲੈਕਸ ਅਤੇ ਇਥੋਂ ਦੀਆਂ ਹੋਰ ਉਦਯੋਗਿਕ ਇਕਾਈਆਂ ਵੱਲੋਂ ਪਾਏ ਜਾ ਰਹੇ ਹਨ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਣੀ ਦਾ ਇਹ ਪ੍ਰਦੂਸ਼ਣ ਅਜੋਕੇ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੀ ਹੀ ਦੇਣ ਹੈ।
ਪ੍ਰਧਾਨ ਮੰਤਰੀ ਤੱਕ ਪੁੱਜ ਚੁੱਕੀ ਹੈ ਇਸ ਮੁੱਦੇ ਦੀ ਗੂੰਜ
ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਬਣਾਉਣ ਵਾਲੇ ਇਨ੍ਹਾਂ ਬੇਪਰਵਾਹ ਕਾਰਕਾਂ ਦੇ ਖਿਲਾਫ ਕਈ ਸਮਾਜ ਸੇਵੀ ਜਥੇਬੰਦੀਆਂ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਸਾਲ 2014 'ਚ ਸੰਤ ਸੀਚੇਵਾਲ ਅਤੇ ਲੋਕਾਂ ਦੇ ਹਜੂਮ ਨੇ ਇਸ ਡਰੇਨ ਦੇ ਪਾਣੀ ਨੂੰ ਰੋਕਣ ਲਈ ਕਾਲਾ ਸੰਘਿਆ ਡਰੇਨ ਦੇ ਗੰਦੇ ਪਾਣੀ ਨੂੰ ਬੰਨ੍ਹ ਮਾਰ ਦਿੱਤਾ ਸੀ। ਬਾਅਦ 'ਚ ਭਾਵੇਂ ਕਿ ਸਰਕਾਰ ਵੱਲੋਂ ਇਸ ਬੰਨ੍ਹ ਨੂੰ ਤੋੜ ਦਿੱਤਾ ਗਿਆ ਅਤੇ ਇਹ ਵਾਅਦਾ ਕੀਤਾ ਗਿਆ ਸੀ ਕਿ ਕਾਲਾ ਸੰਘਿਆ ਡਰੇਨ 'ਚ ਟਰੀਟ ਕੀਤੇ ਪਾਣੀ ਹੀ ਪਾਏ ਜਾਣਗੇ ਪਰ ਅੱਜ ਤੱਕ ਇਸ ਕਾਰਵਾਈ ਨੂੰ ਅਮਲ ਵਿਚ ਨਹੀਂ ਲਿਆਂਦਾ ਗਿਆ।
ਇਸ ਤੋਂ ਬਾਅਦ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਇਸ ਗੰਭੀਰ ਮਸਲੇ ਵੱਲ ਧਿਆਨ ਦਵਾਇਆ ਗਿਆ। ਇਸ ਦੇ ਨਾਲ-ਨਾਲ ਸੰਤ ਸੀਚੇ ਵਾਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਸ ਮੁੱਦੇ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦੇ ਕਈ ਵਾਰ ਹੀਲੇ ਕੀਤੇ ਗਏ ਹਨ। ਇਸ ਸਭ ਦੇ ਬਾਵਜੂਦ ਸਰਕਾਰੀ ਕਾਰਵਾਈ ਹਮੇਸ਼ਾਂ ਗੋਂਗੁਲੂਆਂ ਤੋਂ ਮਿੱਟੀ ਝਾੜਨ ਵਾਲੀ ਹੀ ਰਹੀ ਹੈ। ਇਸ ਹਲਕੇ 'ਚੋਂ ਜਿੱਤਣ ਵਾਲੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਵੀ ਇਸ ਮੁੱਦੇ ਨੂੰ ਦੋਹਾਂ ਪਾਰਲੀਮੈਂਟਾਂ 'ਚ ਉਠਾਉਣ ਦੇ ਵਾਅਦੇ ਕਰਦੇ ਰਹੇ ਹਨ ਪਰ ਕਦੇ ਵੀ ਇਨ੍ਹਾਂ ਵਾਅਦਿਆ ਨੂੰ ਬੂਰ ਪੈਂਦਾ ਨਜ਼ਰ ਨਹੀਂ ਆਇਆ।
ਮਾਰੂ ਬਿਮਾਰੀਆਂ ਨੇ ਘੇਰਿਆ ਪੰਜਾਬ
ਪਾਣੀ ਦੇ ਇਸ ਪ੍ਰਦੂਸ਼ਣ ਕਾਰਨ ਪੰਜਾਬ ਦਾ ਮਾਲਵਾ ਬੈਲਟ ਅਤੇ ਰਾਜਸਥਾਨ ਤਾਂ ਪ੍ਰਭਾਵਿਤ ਹੋਏ ਹੀ ਹਨ, ਇਸ ਦੇ ਨਾਲ ਪੰਜਾਬ ਦਾ ਜ਼ਮੀਨਦੋਜ਼ ਪਾਣੀ ਵੀ ਪੂਰੀ ਤਬਾਹ ਹੋ ਚੁੱਕਾ ਹੈ। ਇਸ ਦੇ ਚਲਦਿਆਂ ਸੈਂਕੜੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਬੁੱਢੇ ਨਾਲੇ ਅਤੇ ਕਾਲਾ ਸੰਘਿਆ ਡਰੇਨ ਦੀ ਗੰਦਗੀ ਕਾਰਨ ਅਨੇਕਾਂ ਲੋਕ ਕੈਂਸਰ, ਕਾਲਾ ਪੀਲੀਆ ਆਦਿ ਮਾਰੂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਾਲੇ ਪੀਲੀਏ ਕਾਰਨ ਪੰਜਾਬ 'ਚ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਇਸ ਸਭ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਅਤੇ ਸਾਡੇ ਲੋਕਾਂ ਨੂੰ ਪੰਜਾਬ ਦੇ ਬਦਤਰ ਹਾਲਾਤ ਦੀ ਕੋਈ ਪਰਵਾਹ ਨਹੀਂ ਹੈ।