ਲੋਕਾਂ ਲਈ ਸਿਰਦਰਦੀ ਬਣੇ ਅਮਰ ਵੇਲ ਵਾਂਗ ਵਧ ਰਹੇ ਟੋਲ ਪਲਾਜ਼ੇ

Monday, Feb 19, 2018 - 01:33 AM (IST)

ਲੋਕਾਂ ਲਈ ਸਿਰਦਰਦੀ ਬਣੇ ਅਮਰ ਵੇਲ ਵਾਂਗ ਵਧ ਰਹੇ ਟੋਲ ਪਲਾਜ਼ੇ

ਸੰਗਰੂਰ/ਸੰਦੌੜ, (ਬੇਦੀ, ਰਿਖੀ)— ਸੂਬੇ ਦੀਆਂ ਸੜਕਾਂ 'ਤੇ ਧੜਾਧੜ ਵਧ ਰਹੇ ਟੋਲ ਪਲਾਜ਼ਿਆਂ ਤੋਂ ਹੁਣ ਹਰ ਵਿਅਕਤੀ ਪ੍ਰੇਸ਼ਾਨ ਹੁੰਦਾ ਨਜ਼ਰ ਆ ਰਿਹਾ ਹੈ । ਜ਼ਿਆਦਾਤਰ ਲੋਕ ਟੋਲ ਟੈਕਸ ਨੂੰ ਬੇਲੋੜਾ ਬੋਝ ਸਮਝਦੇ ਹੋਏ ਸਰਕਾਰ ਨੂੰ ਕੋਸਦੇ ਹਨ। ਪਿਛਲੀ ਸਰਕਾਰ ਵੱਲੋਂ ਚਲਾਏ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਸਰਕਾਰ ਹੋਰ ਵਧਾਉਣ ਜਾ ਰਹੀ ਹੈ, ਜਿਸ ਨਾਲ ਰੋਜ਼ਾਨਾ ਲੋਕਾਂ ਦੀਆਂ ਜੇਬਾਂ 'ਤੇ ਹੋਰ ਆਰਥਿਕ ਬੋਝ ਵਧਣ ਵਾਲਾ ਹੈ। ਅਜਿਹੇ 'ਚ ਪੰਜਾਬ ਦੀਆਂ ਸੜਕਾਂ 'ਤੇ ਚਾਰ ਪਹੀਆ ਵਾਹਨ ਲੈ ਕੇ ਚੱਲਣਾ ਆਸਾਨ ਨਹੀਂ ਹੋਵੇਗਾ।
ਪੰਜਾਬ 'ਚ ਇਸ ਵੇਲੇ 34 ਟੋਲ ਪਲਾਜ਼ੇ ਚੱਲ ਰਹੇ ਹਨ, ਜਿਨ੍ਹਾਂ 'ਚੋਂ 12 ਕੌਮੀ ਮਾਰਗ 'ਤੇ ਹਨ ਅਤੇ 22 ਰਾਜ ਮਾਰਗਾਂ 'ਤੇ ਹਨ। ਇਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ 'ਚ ਹੋਰ ਵਧਣ ਦੇ ਆਸਾਰ ਹਨ ਕਿਉਂਕਿ 9 ਹੋਰ ਟੋਲ ਪਲਾਜ਼ੇ ਪੰਜਾਬ ਦੀਆਂ ਸੜਕਾਂ 'ਤੇ ਲੱਗਣ ਵਾਲੇ ਹਨ, ਜੋ ਇਸੇ ਸਾਲ ਖੜ੍ਹੇ ਹੋ ਜਾਣਗੇ। ਲੁਧਿਆਣਾ-ਮੋਗਾ ਮਾਰਗ, ਬਠਿੰਡਾ-ਸੰਗਰੂਰ ਮਾਰਗ, ਤਰਨਤਾਰਨ ਮਾਰਗ, ਪਟਿਆਲਾ- ਸੰਗਰੂਰ ਮਾਰਗ, ਖਨੌਰੀ ਅਤੇ ਰਾਜਪੁਰਾ ਮਾਰਗ 'ਤੇ ਨਵੇਂ ਟੋਲ ਪਲਾਜ਼ੇ ਲੱਗ ਸਕਦੇ ਹਨ।
ਸੂਤਰਾਂ ਅਨੁਸਾਰ ਪੰਜਾਬ ਦੇ ਰਾਸ਼ਟਰੀ ਮਾਰਗਾਂ 'ਤੇ ਲੱਗੇ ਟੋਲ ਪਲਾਜ਼ੇ ਰੋਜ਼ਾਨਾ ਕਰੀਬ ਢਾਈ ਕਰੋੜ ਰੁਪਏ ਲੋਕਾਂ ਦੀਆਂ ਜੇਬਾਂ 'ਚੋਂ ਕੱਢ ਰਹੇ ਹਨ ਅਤੇ ਰਾਜ ਮਾਰਗਾਂ ਦੇ ਟੋਲ ਰੋਜ਼ਾਨਾ ਇਕ ਕਰੋੜ ਰੁਪਏ ਇਕੱਠਾ ਕਰ ਰਹੇ ਹਨ । ਰਾਸ਼ਟਰੀ ਮਾਰਗਾਂ ਤੋਂ ਰੋਜ਼ਾਨਾ 50-60 ਹਜ਼ਾਰ ਦੇ ਕਰੀਬ ਵਾਹਨ ਲੰਘਦੇ ਹਨ ਅਤੇ ਰਾਜ ਮਾਰਗਾਂ ਤੋਂ ਰੋਜ਼ਾਨਾ 10-15 ਹਜ਼ਾਰ ਦੇ ਕਰੀਬ ਵਾਹਨ ਲੰਘਦੇ ਹਨ, ਜਿਨ੍ਹਾਂ 'ਚ ਟੋਲ ਫੀਸ ਨਾ ਦੇਣ ਵਾਲੇ ਵੀ ਸ਼ਾਮਲ ਹਨ । ਲੰਘੇ ਵਰ੍ਹੇ ਦੀ ਜੇਕਰ ਗੱਲ ਕਰੀਏ ਤਾਂ ਨੈਸ਼ਨਲ ਮਾਰਗ ਦੇ ਟੋਲ 570 ਕਰੋੜ ਰੁਪਏ ਦੇ ਕਰੀਬ ਵਸੂਲ ਚੁੱਕੇ ਹਨ, ਜਿਨ੍ਹਾਂ 'ਚ ਰਾਜ ਮਾਰਗਾਂ ਦਾ ਟੋਲ ਟੈਕਸ ਸ਼ਾਮਲ ਨਹੀਂ ਹੈ। ਜੇਕਰ ਰਾਜ ਮਾਰਗਾਂ ਦੀ ਫੀਸ ਵੀ ਜੋੜ ਦੇਈਏ ਤਾਂ ਇਹ ਰਕਮ ਹੋਰ ਵਧ ਜਾਵੇਗੀ।
ਵੱਖ-ਵੱਖ ਹੁੰਦੇ ਨੇ ਵਰਤੋਂ ਚਾਰਜ
ਵੱਖ-ਵੱਖ ਮਾਰਗਾਂ 'ਤੇ ਲੱਗੇ ਟੋਲ ਪਲਾਜ਼ਿਆਂ ਦੇ ਵਰਤੋਂ ਚਾਰਜ ਵੀ ਵੱਖ-ਵੱਖ ਹੀ ਹਨ, ਜੋ ਰੋਡ ਦੀ ਸਥਿਤੀ 'ਤੇ ਨਿਰਭਰ ਕਰਦੇ ਹਨ । ਰੋਡ 'ਤੇ ਕਿੰਨੇ ਓਵਰਬ੍ਰਿਜ, ਕਿੰਨੇ ਅੰਡਰਬ੍ਰਿਜ, ਰੇਵਲੇ ਬ੍ਰਿਜ ਅਤੇ ਨਹਿਰੀ ਬ੍ਰਿਜ ਹਨ, ਇਨ੍ਹਾਂ ਦੀ ਗਿਣਤੀ ਨਾਲ ਹੀ ਕੀਮਤ 'ਚ ਵਾਧਾ-ਘਾਟਾ ਹੁੰਦਾ ਹੈ।
ਨਿਯਮਾਂ ਅਨੁਸਾਰ ਹੀ ਵਧ ਸਕਦੀ ਹੈ ਫੀਸ
ਟੋਲ ਪਲਾਜ਼ਾ 'ਤੇ ਜੇਕਰ ਵਰਤੋਂ ਫੀਸ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਉਹ ਸਿਰਫ ਸਾਲ ਵਿਚ ਇਕ ਵਾਰ ਅਪ੍ਰੈਲ ਵਿਚ ਹੀ ਕੀਤਾ ਜਾ ਸਕਦਾ ਹੈ । ਨਿਯਮ ਸਾਲ 2008 ਅਨੁਸਾਰ ਸਾਲਾਨਾ 1 ਰੁਪਏ ਹੀ ਫੀਸ ਵਧ ਸਕਦੀ ਸੀ ਪਰ ਨਿਯਮ 2010 ਅਨੁਸਾਰ 1 ਤੋਂ 5 ਰੁਪਏ ਤੱਕ ਵਧਾਏ ਜਾ ਸਕਦੇ ਹਨ । ਟੋਲ ਪਲਾਜ਼ਾ 'ਤੇ ਲਈ ਜਾਣ ਵਾਲੀ ਫੀਸ, ਵਾਧਾ ਨਿਯਮ ਅਤੇ ਹੁਣ ਤੱਕ ਹੋਈ ਸਾਲਾਨਾ ਵਸੂਲੀ ਅਤੇ ਰੋਡ ਦੀ ਕੁੱਲ ਲਾਗਤ ਦੀ ਸੂਚੀ ਲਾ ਕੇ ਜਨਤਕ ਕੀਤੀ ਜਾਣੀ ਚਾਹੀਦੀ ਹੈ।
ਟੈਕਸ ਤੋਂ ਬਚਣ ਲਈ ਛੋਟੀਆਂ ਸੜਕਾਂ ਤੋਂ ਲੰਘਦੇ ਨੇ ਲੋਕ
ਬਹੁਤ ਸਾਰੇ ਲੋਕ ਟੋਲ ਟੈਕਸ ਤੋਂ ਬਚਣ ਲਈ ਟੋਲ ਪਲਾਜ਼ੇ ਨੇੜੇ ਦੇ ਕਿਸੇ ਹੋਰ ਰਸਤੇ ਤੋਂ ਲੰਘਣ ਲਈ ਮਜਬੂਰ ਹਨ । ਕਈ ਵਾਰ ਤਾਂ ਆਪੇ ਬਣਾਏ ਰਸਤੇ ਤੋਂ ਹੀ ਲੋਕ ਵਾਹਨ ਲੰਘਾਉਣ ਦੀ ਕੋਸਿਸ਼ ਕਰਦੇ ਹਨ, ਜੋ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ ।
3 ਮਿੰਟ ਦੇ ਸਮੇਂ ਅਤੇ ਡਬਲ ਪਰਚੀ ਸਬੰਧੀ ਭੰਬਲਭੂਸਾ
ਪਿਛਲੇ ਸਮੇਂ ਵਿਚ ਟੋਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾਵਾਂ ਦਾ ਦੌਰ ਚੱਲਿਆ ਸੀ ਕਿ ਜੇਕਰ ਕਿਸੇ ਵਾਹਨ ਨੂੰ ਟੋਲ ਚਾਰਜ ਦੇਣ ਮੌਕੇ 3 ਮਿੰਟ ਦੇ ਸਮੇਂ ਤੋਂ ਵਧ ਸਮਾਂ ਲੱਗਦਾ ਹੈ ਤਾਂ ਟੋਲ ਫੀਸ ਦੇਣੀ ਨਹੀਂ ਬਣਦੀ ਅਤੇ ਇਸਦੇ ਨਾਲ ਹੀ ਇਕ ਹੋਰ ਚਰਚਾ ਚੱਲੀ ਸੀ ਕਿ ਟੋਲ ਪਰਚੀ ਆਉਣ-ਜਾਣ ਦੇ ਹਿਸਾਬ ਨਾਲ ਨਹੀਂ ਬਲਕਿ ਘੰਟਿਆਂ ਮੁਤਾਬਕ ਲਈ ਜਾਂਦੀ ਹੈ, ਜਿਸ ਅਨੁਸਾਰ 12 ਘੰਟਿਆਂ ਵਿਚ ਤੁਸੀਂ ਸਿੰਗਲ ਪਰਚੀ 'ਤੇ ਵੀ ਵਾਪਸ ਆ ਸਕਦੇ ਹੋ, ਇਨ੍ਹਾਂ ਚਰਚਾਵਾਂ ਨੇ ਬਹੁਤ ਟੋਲ ਪਲਾਜ਼ਿਆਂ 'ਤੇ ਗਾਹਕਾਂ ਅਤੇ ਟੋਲ ਕਰਮਚਾਰੀਆਂ ਵਿਚਕਾਰ ਬਹਿਸ ਦਾ ਮਾਹੌਲ ਵੀ ਸਿਰਜਿਆ ਪਰ ਕਿਸੇ ਵੀ ਉੱਚ ਅਥਾਰਟੀ ਨੇ ਇਨ੍ਹਾਂ ਚਰਚਾਵਾਂ ਬਾਰੇ ਜਨਤਕ ਬਿਆਨ ਦੇ ਕੇ ਸਥਿਤੀ ਨੂੰ ਸਪੱਸ਼ਟ ਨਹੀਂ ਕੀਤਾ।
'ਆਪ' ਦੀ ਸਰਕਾਰ ਆਉਣ 'ਤੇ ਬੰਦ ਕਰਾਂਗੇ ਸਾਰੇ ਟੋਲ ਪਲਾਜ਼ੇ : ਪੰਡੋਰੀ
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਸਾਰੇ ਰਾਜ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ। ਇਹ ਪੰਜਾਬ ਦੇ ਲੋਕਾਂ 'ਤੇ ਬੇਲੋੜਾ ਬੋਝ ਹੈ। ਪੰਜਾਬ ਦੇ ਰਾਜ ਮਾਰਗਾਂ 'ਤੇ ਲਾਏ ਟੋਲ ਆਪਣੀ ਮਿਆਦ ਲੰਘਾਅ ਚੁੱਕੇ ਹਨ। ਇਹ ਤੁਰੰਤ ਬੰਦ ਕੀਤੇ ਜਾਣ। ਹੁਣ ਪੰਜਾਬ 'ਚ ਸੜਕਾਂ 'ਤੇ ਤੁਰਨਾ ਮੁਸ਼ਕਲ ਹੋਇਆ ਪਿਆ ਹੈ। ਲੋਕ ਜਿਧਰ ਵੀ ਨਿਕਲਣ, ਟੋਲ ਚਾਰਜ ਦੇਣੇ ਪੈਂਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾ ਰਹੀ ਹੈ, ਜੋ ਬਿਲਕੁਲ ਹੀ ਗਲਤ ਹੈ । ਹਰ ਰੋਜ਼ ਕਰੋੜਾਂ ਰੁਪਏ ਪੰਜਾਬੀਆਂ ਦੀਆਂ ਜੇਬਾਂ 'ਚੋਂ ਜਾ ਰਹੇ ਹਨ । ਕੀ ਇਹ ਪੰਜਾਬ ਦੀ ਤਰੱਕੀ ਹੈ ? ਲਿੰਕ ਸੜਕਾਂ ਦਾ ਬੁਰਾ ਹਾਲ ਹੈ। ਸਰਕਾਰ ਦਾ ਉਨ੍ਹਾਂ ਵੱਲ ਕੋਈ ਧਿਆਨ ਹੀ ਨਹੀਂ ਹੈ । ਉਨ੍ਹਾਂ ਕਿਹਾ ਕਿ ਕਈ ਟੋਲ ਪਲਾਜ਼ਿਆਂ 'ਤੇ ਤਾਂ ਨਿਯਮਾਂ ਅਨੁਸਾਰ ਸਹੂਲਤਾਂ ਵੀ ਨਹੀਂ ਹਨ।
''ਸਰਕਾਰ ਦੇ ਕੰਪਨੀ ਨਾਲ ਕੀਤੇ ਕੰਟਰੈਕਟ ਅਨੁਸਾਰ ਰੋਡ ਬਣਾਉਣ ਦਾ ਖਰਚਾ ਪੂਰਾ ਕਰਨ ਲਈ ਟੋਲ ਟੈਕਸ ( ਯੂਜ਼ਰ ਚਾਰਜ) ਵਸੂਲੇ ਜਾਂਦੇ ਹਨ । ਨਿਯਮਾਂ ਅਨੁਸਾਰ ਜਦੋਂ ਰੋਡ ਦੀ ਕੀਮਤ ਵਸੂਲੀ ਜਾਂਦੀ ਹੈ ਅਤੇ ਜੇਕਰ ਫਿਰ ਵੀ ਟੋਲ ਪਲਾਜ਼ਾ ਚੱਲਦਾ ਹੈ ਤਾਂ ਇਸ ਰੋਡ ਦੀ ਮੇਨਟੇਨੈਂਸ ਲਈ ਵਸੂਲੀ ਕੀਤੀ ਜਾਂਦੀ, ਜਿਸ ਵਿਚ ਫੀਸ ਦਾ ਕੁਝ ਹਿੱਸਾ ਹੀ ਲੈਣਾ ਹੁੰਦਾ ਹੈ ਪਰ ਪਤਾ ਨਹੀਂ ਪੰਜਾਬ 'ਚ ਕਿੰਨੇ ਖਰਚੇ ਨਾਲ ਰੋਡ ਬਣਾਏ ਹਨ, ਜਿਨ੍ਹਾਂ ਦੇ ਸਾਲਾਂ ਲੰਘਣ 'ਤੇ ਵੀ ਅਜੇ ਤੱਕ ਪੈਸੇ ਪੂਰੇ ਨਹੀਂ ਹੋਏ।
- ਈਸ਼ਰਪਾਲ ਸਿੰਘ ਪ੍ਰਧਾਨ ਸਾਹਿਤ ਸਭਾ ਪੰਜਗਰਾਈਆਂ।


Related News