ਸ਼ਹਿਰਾਂ ਤੋਂ ਪਿੰਡਾਂ ਵੱਲ ਪਹੁੰਚੇ ਭਿਖਾਰੀ ! ਲੋਕਾਂ ਲਈ ਬਣੀ ਮੁਸੀਬਤ
Sunday, Aug 10, 2025 - 04:15 PM (IST)

ਗੁਰਦਾਸਪੁਰ (ਵਿਨੋਦ)-ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ ਸਮੇਤ ਹੋਰ ਜਨਤਕ ਸਥਾਨਾਂ ’ਤੇ ਭੀਖ ਮੰਗਣ ਵਾਲੇ ਬਾਲ ਭਿਖਾਰੀ, ਵਿਅਕਤੀ , ਔਰਤਾਂ ’ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਿਕੰਜ਼ਾ ਕੱਸਣ ਤੋਂ ਬਾਅਦ ਹੁਣ ਇਨ੍ਹਾਂ ਬਾਲ ਭਿਖਾਰੀਆਂ ਵੱਲੋਂ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵੱਲ ਰੁਖ ਕਰ ਲਿਆ ਗਿਆ ਹੈ। ਗੁਰਦਾਸਪੁਰ ਦੇ ਕਈ ਅਜਿਹੇ ਇਲਾਕੇ ਹਨ, ਜਿਨ੍ਹਾਂ ’ਚ ਹੁਣ ਬੱਚੇ, ਔਰਤਾਂ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ। ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਲਗਾਤਾਰ ਸ਼ਹਿਰ ’ਚ ਕੀਤੀ ਗਈ ਛਾਪੇਮਾਰੀ ਕਾਰਨ ਭਾਵੇਂ ਸ਼ਹਿਰ ਭਿਖਾਰੀਆਂ ਤੋਂ ਮੁਕਤ ਹੋ ਗਿਆ ਹੈ, ਪਰ ਹੁਣ ਪੇਂਡੂ ਇਲਾਕਿਆਂ ’ਚ ਭਿਖਾਰੀਆਂ ਦੀ ਆਮਦ ਕਾਰਨ ਲੋਕ ਪ੍ਰੇਸ਼ਾਨ ਹੋ ਗਏ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ ਨੂੰ ਗੋਲੀਆਂ ਨਾਲ ਭੁੰਨਿਆ
ਦੱਸਣਯੋਗ ਹੈ ਕਿ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ ਸਮੇਤ ਹੋਰ ਜਨਤਕਾਂ ਸਥਾਨਾਂ , ਦੁਕਾਨਾਂ ਦੇ ਬਾਹਰ , ਪਾਰਕਾਂ ’ਚ ਛੋਟੇ-ਛੋਟੇ ਬੱਚੇ ਭੀਖ ਮੰਗਦੇ ਆਮ ਨਜ਼ਰ ਆਉਂਦੇ ਸਨ। ਇਸ ਦੇ ਇਲਾਵਾ ਕਈ ਔਰਤਾਂ ਵੱਲੋਂ ਛੋਟੇ ਬੱਚਿਆਂ ਨੂੰ ਕੁਝ ਸੰਘਾ ਕੇ ਆਪਣੀ ਝੋਲੀ ’ਚ ਪਾ ਕੇ ਭੀਖ ਮੰਗੀ ਜਾਂਦੀ ਸੀ। ਜਦਕਿ ਕਈ ਅਪੰਗ ਵਿਅਕਤੀਆਂ ਵੱਲੋਂ ਇਹ ਭੀਖ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ। ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਭਿਖਾਰੀਆਂ ’ਤੇ ਸ਼ਿਕੰਜ਼ਾ ਕੱਸਣ ਲਈ ਜੀਵਨ ਜੋਤੀ ਪ੍ਰੋਜੈਕਟ ਦੇ ਤਹਿਤ ਇਨ੍ਹਾਂ ਬੱਚਿਆਂ ਨੂੰ ਕਾਬੂ ਕਰ ਕੇ ਇਨ੍ਹਾਂ ਦਾ ਡੀ.ਐੱਨ.ਏ ਟੈਸਟ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਤੋਂ ਬਾਅਦ ਨਾਬਾਲਿਗ ਬੱਚਿਆਂ ਕੋਲੋਂ ਭੀਖ ਮੰਗਵਾਉਣ ਅਤੇ ਬਾਲ ਮਜ਼ਦੂਰੀ ਦੇ ਵਿਰੁੱਧ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਇਕ ਮੁਹਿੰਮ ਸ਼ੁਰੂ ਕਰਕੇ ਸ਼ਹਿਰ ’ਚ ਛਾਪਾਮਾਰੀ ਸ਼ੁਰੂ ਕੀਤੀ ਗਈ। ਇਸ ਦੇ ਇਲਾਵਾ ਇਸ ਟੀਮ ਨੇ 9 ਬੱਚਿਆਂ ਨੂੰ ਕਾਬੂ ਕੀਤਾ ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਨੀਵਾਰ ਤੇ ਐਤਵਾਰ ਨਹੀਂ ਹੋਵੇਗੀ ਸਰਕਾਰੀ ਛੁੱਟੀ, ਖੁੱਲ੍ਹੇ ਰਹਿਣਗੇ ਦਫ਼ਤਰ
ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਦੀ ਟੀਮ ਰੰਗ ਲਿਆਈ
ਸ਼ਹਿਰ ’ਚ ਭੀਖ ਮੰਗਣ ਦੇ ਨਾਂ ’ਤੇ ਲੋਕਾਂ ਨੂੰ ਤੰਗ ਪੇ੍ਸ਼ਾਨ ਕਰਨ ਵਾਲੇ ਇਨ੍ਹਾਂ ਬਾਲ ਭਿਖਾਰੀਆਂ ਤੇ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਸਿਕੰਜ਼ਾ ਕੱਸਣ ਤੋਂ ਬਾਅਦ ਭਾਵੇ ਸ਼ਹਿਰ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਹੈ, ਪਰ ਇਨ੍ਹਾਂ ਭਿਖਾਰੀਆਂ ਨੇ ਪੇਂਡੂ ਇਲਾਕਿਆਂ ਵੱਲ ਰੁਖ ਕਰ ਲਿਆ ਹੈ। ਪਹਿਲਾਂ ਵੱਡੀ ਤਦਾਦ ’ਚ ਇਹ ਲੋਕ ਬਾਜ਼ਾਰਾਂ, ਧਾਰਮਿਕ ਸਥਾਨਾਂ ਦੇ ਬਾਹਰ, ਪਾਰਕਾਂ , ਰੇਲਵੇ ਸਟੇਸ਼ਨ, ਬੱਸ ਸਟੈਂਡ ’ਤੇ ਆਮ ਨਜ਼ਰ ਆਉਂਦੇ ਸਨ। ਪਰ ਹੁਣ ਸ਼ਹਿਰ ’ਚ ਕਿਤੇ ਵੀ ਨਜ਼ਰ ਨਹੀਂ ਆਉਂਦੇ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ
ਕਿਹੜੇ ਕਿਹੜੇ ਇਲਾਕੇ ’ਚ ਵਧੀ ਭਿਖਾਰੀਆਂ ਦੀ ਆਮਦ
ਗੁਰਦਾਸਪੁਰ ਸ਼ਹਿਰ ਬਾਲ ਭਿਖਾਰੀਆਂ ਤੋਂ ਮੁਕਤ ਹੋਣ ਤੋਂ ਬਾਅਦ ਹੁਣ ਇਨ੍ਹਾਂ ਭਿਖਾਰੀਆਂ ਦੀ ਆਮਦ ਪੁਰਾਣਾ ਸ਼ਾਲਾ, ਕਲਾਨੌਰ, ਧਾਰੀਵਾਲ, ਦੋਰਾਂਗਲਾ, ਬਹਿਰਾਮਪੁਰ, ਕਾਦੀਆਂ, ਕਾਹਨੂੰਵਾਨ , ਘੁਮਾਣ , ਸ਼੍ਰੀ ਹਰਗੋਬਿੰਦਪੁਰ ਸਾਹਿਬ ਸਮੇਤ ਹੋਰ ਕਸਬਿਆਂ ’ਚ ਵੱਧ ਗਈ ਹੈ। ਸ਼ਹਿਰ ’ਚ ਇਨਾਂ ਭਿਖਾਰੀਆਂ ’ਤੇ ਸ਼ਿਕੰਜ਼ਾ ਕੱਸਣ ਤੋਂ ਬਾਅਦ ਇਨਾਂ ਭਿਖਾਰੀਆਂ ਨੇ ਪੇਂਡੂ ਖੇਤਰਾਂ ਵੱਲ ਆਪਣਾ ਰੂਖ ਕਰ ਲਿਆ ਹੈ।
ਕੀ ਕਹਿਣਾ ਹੈ ਇਨ੍ਹਾਂ ਲੋਕਾਂ ਦਾ
ਇਸ ਸਬੰਧੀ ਭੀਖ ਮੰਗਣ ਵਾਲੇ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਆਦਾ ਪੜੇ ਲਿਖੇ ਨਾ ਹੋਣ ਦੇ ਕਾਰਨ ਸਾਡਾ ਕੋਈ ਵੀ ਰੁਜ਼ਗਾਰ ਨਹੀਂ ਹੈ। ਪੈਸੇ ਨਾ ਹੋਣ ਦੇ ਕਾਰਨ ਸਾਡੇ ਬੱਚੇ ਸਕੂਲ ਆਦਿ ਵੀ ਨਹੀਂ ਜਾ ਸਕਦੇ। ਇਸ ਲਈ ਮਜਬੂਰੀ ਵੱਸ ਸਾਨੂੰ ਭੀਖ ਮੰਗਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ। ਸਾਰਾ ਦਿਨ ਮੰਗ ਕੇ ਹੀ ਸਾਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ।
ਕੀ ਕਹਿਣਾ ਹੈ ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ
ਇਸ ਸਬੰਧੀ ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਲਗਾਤਾਰ ਸ਼ਹਿਰ ’ਚ ਛਾਪਾਮਾਰੀ ਕੀਤੀ ਜਾ ਰਹੀ ਹੈ, ਪਰ ਫਿਰ ਸ਼ਹਿਰ ’ਚ ਕੋਈ ਵੀ ਭੀਖ ਮੰਗਦਾ ਬੱਚਾ ਜਾਂ ਔਰਤਾਂ ਨਜ਼ਰ ਨਹੀਂ ਆਉਦੀਆਂ। ਜੇਕਰ ਹੋਰ ਕਸਬਿਆਂ ’ਚ ਇਨ੍ਹਾਂ ਦੀ ਆਮਦ ਵਧੀ ਹੈ ਤਾਂ ਇਸ ਸਬੰਧੀ ਅਧਿਕਾਰੀਆਂ ਦੇ ਆਦੇਸ਼ ’ਤੇ ਇਨ੍ਹਾਂ ਇਲਾਕਿਆਂ ’ਚ ਛਾਪੇਮਾਰੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8