ਇਨਕਮ ਟੈਕਸ ਵਿਭਾਗ ਦੀ ਵੈਬਸਾਈਟ ਠੱਪ, ਲੱਖਾਂ ਕਾਰੋਬਾਰੀਆਂ ''ਤੇ ਜੁਰਮਾਨੇ ਦੀ ਤਲਵਾਰ ਲਟਕੀ
Tuesday, Oct 31, 2017 - 09:08 PM (IST)

ਜਲੰਧਰ (ਬਿਊਰੋ)— ਇਨਕਮ ਟੈਕਸ ਦੀ ਆਡਿਟ ਰਿਟਰਨ ਫਾਈਲ ਕਰਨ ਦੇ ਆਖਰੀ ਦਿਨ ਮੰਗਲਵਾਰ ਨੂੰ ਸੀ.ਬੀ.ਡੀ.ਟੀ. ਦੀ ਵੈਬਸਾਈਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਬਾਅਦ ਦੁਪਹਿਰ ਇਹ ਵੈਬਸਾਈਟ ਪੂਰੀ ਤਰ੍ਹਾਂ ਕ੍ਰੈਸ਼ ਹੋ ਗਈ। ਵੈਬਸਾਈਟ ਦੇ ਕੰਮ ਨਾ ਕਰਨ ਦੇ ਚਲਦਿਆਂ ਉਨ੍ਹਾਂ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਆਪਣੇ ਅਕਾਉਂਟ ਆਡਿਟ ਕਰਵਾਉਣੇ ਹਨ ਅਤੇ ਰਿਟਰਨਾਂ ਫਾਈਲ ਕਰਨੀਆਂ ਹਨ। ਇਹ ਰਿਟਰਨ ਫਾਈਲ ਨਾ ਕੀਤੇ ਜਾਣ ਦੀ ਹਾਲਤ ਵਿਚ ਕਾਰੋਬਾਰੀਆਂ ਨੂੰ ਡੇਢ ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗੇਗਾ। ਵਿਭਾਗ ਦੀ ਗਲਤੀ ਦੇ ਚਲਦਿਆਂ 20 ਲੱਖ ਤੋਂ ਉਤੇ ਵਪਾਰੀਆਂ ਦੇ ਸਿਰ ਇਸ ਜੁਰਮਾਨੇ ਦੀ ਤਲਵਾਰ ਲਟਕ ਗਈ ਹੈ। ਜਲੰਧਰ ਦੇ ਸੀਨੀਅਰ ਸੀ. ਏ. ਅਸ਼ਵਨੀ ਜਿੰਦਲ ਨੇ ਇਸ ਮਾਮਲੇ 'ਚ ਸੀ.ਬੀ.ਡੀ.ਟੀ ਅਤੇ ਵਿੱਤ ਮੰਤਰਾਲੇ ਨੂੰ ਅਲੱਗ-ਅਲੱਗ ਦਿਨਾਂ 'ਤੇ 8 ਵਾਰ ਪੱਤਰ ਲਿੱਖ ਕੇ ਆਡਿਟ ਤੇ ਰਿਟਰਨ ਦੀ ਆਖਰੀ ਤਰੀਕ ਵਧਾਉਣ ਦੀ ਅਪੀਲ ਕੀਤੀ ਸੀ ਪਰ ਮੰਗਲਵਾਰ ਦੇਰ ਰਾਤ 9 ਵਜੇ ਤੱਕ ਵਿੱਤ ਮੰਤਰਾਲੇ ਵਲੋਂ ਇਸ ਤਰੀਕ ਨੂੰ ਵਧਾਉਣ ਲਈ ਕਿਸੇ ਤਰ੍ਹਾਂ ਦਾ ਕੋਈ ਵੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਸੀ। ਵੈਬਸਾਈਟ ਦੇ ਕੰਮ ਨਾ ਕੀਤੇ ਜਾਣ ਦੇ ਚਲਦਿਆਾਂ ਲਖਾਂ ਵਪਾਰੀਆਂ ਦੀਆਂ ਰਿਟਰਨਾਂ ਸਮੇਂ ਸਿਰ ਫਾਈਲ ਨਹੀਂ ਹੋ ਸਕਣਗੀਆਂ, ਜਿਸ ਦਾ ਨੁਕਸਾਨ ਸਰਕਾਰ ਨੂੰ ਵੀ ਹੋਵੇਗਾ ਅਤੇ ਵਪਾਰੀਆਂ ਨੂੰ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਸੀ. ਏ. ਅਸ਼ਵਨੀ ਜਿੰਦਲ ਨੇ ਕਿਹਾ ਕਿ ਕਾਰਪੋਰੇਟ ਸੈਕਟਰ ਵਲੋਂ ਰਿਟਰਨ ਦਾਖਲ ਕੀਤੇ ਜਾਣ ਦੀ ਵੀ ਮੰਗਲਵਾਰ ਨੂੰ ਆਖਰੀ ਤਰੀਕ ਸੀ ਅਤੇ ਕਰੀਬ 5 ਤੋਂ 7 ਲੱਖ ਕੰਪਨੀਆਂ ਦੀਆਂ ਰਿਟਰਨਾਂ 'ਤੇ ਵੀ ਵੈਬਸਾਈਟ ਦੇ ਕੰਮ ਨਾ ਕਰਨ ਦਾ ਅਸਰ ਪਵੇਗਾ। ਜਿੰਦਲ ਨੇ ਕਿਹਾ ਕਿ ਸਰਕਾਰ ਅਤੇ ਵਿੱਤ ਮੰਤਰਾਲੇ ਨੂੰ ਇਸ ਸਥਿਤੀ ਨੂੰ ਦੇਖਦਿਆਂ ਹੋਇਆ ਰਿਟਰਨ ਦਾਖਲ ਕਰਨ ਦੀ ਤਰੀਕ ਵਿਚ ਇਕ ਮਹੀਨੇ ਦੀ ਮੋਹਲਤ ਦੇਣੀ ਚਾਹੀਦੀ ਹੈ ਤਾਂ ਜੋ ਵਪਾਰੀ ਅਤੇ ਕਾਰੋਬਾਰੀਆਂ ਦੇ ਨਾਲ-ਨਾਲ ਕੰਪਨੀਆਂ ਵੀ ਰਾਹਤ ਦੀ ਸਾਹ ਲੈ ਸਕਣ।