ਆਮਦਨ ਕਰ ਵਿਭਾਗ ਨੇ ਕਾਂਗਰਸੀ ਨੇਤਾ ਦੀ ਕੋਠੀ ਨੂੰ ਕੀਤਾ ਅਟੈਚ

Tuesday, May 07, 2019 - 09:46 AM (IST)

ਆਮਦਨ ਕਰ ਵਿਭਾਗ ਨੇ ਕਾਂਗਰਸੀ ਨੇਤਾ ਦੀ ਕੋਠੀ ਨੂੰ ਕੀਤਾ ਅਟੈਚ

ਚੰਡੀਗੜ੍ਹ (ਸੁਸ਼ੀਲ) - ਆਮਦਨ ਕਰ ਵਿਭਾਗ ਨੇ ਕਾਂਗਰਸੀ ਨੇਤਾ ਵਿਜੇਪਾਲ ਸਿੰਘ ਉਰਫ ਡਿੰਪੀ ਦੀ ਸੈਕਟਰ-40 ਸਥਿਤ ਕੋਠੀ ਨੰਬਰ 359 ਨੂੰ ਸੋਮਵਾਰ ਨੂੰ ਅਟੈਚ ਕਰ ਦਿੱਤਾ। ਡਿੰਪੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਮਦਨ ਕਰ ਵਿਭਾਗ ਕੋਲ 2 ਕਰੋੜ 49 ਲੱਖ 8 ਹਜ਼ਾਰ 219 ਰੁਪਏ ਦਾ ਟੈਕਸ ਜਮ੍ਹਾ ਨਹੀਂ ਕਰਵਾਇਆ ਹੈ। ਕੋਠੀ ਨੂੰ ਅਟੈਚ ਕਰਨ ਤੋਂ ਪਹਿਲਾਂ ਢੋਲ ਵਜਾਇਆ ਗਿਆ ਅਤੇ ਅਟੈਚ ਕਰਨ ਦਾ ਨਿਰਦੇਸ਼ ਜ਼ੋਰ-ਜ਼ੋਰ ਨਾਲ ਸੁਣਾਇਆ ਗਿਆ। ਆਮਦਨ ਕਰ ਵਿਭਾਗ ਦੀ ਟੀਮ ਨੇ ਕੋਠੀ ਅਟੈਚ ਕਰਨ ਦੇ ਨਿਰਦੇਸ਼ ਨੂੰ ਕੋਠੀ ਦੇ ਬਾਹਰ ਗੇਟ 'ਤੇ ਚਿਪਕਾ ਦਿੱਤਾ।

ਵਾਰ-ਵਾਰ ਨੋਟਿਸ ਦੇਣ ਤੋਂ ਬਾਅਦ ਵੀ ਟੈਕਸ ਜਮ੍ਹਾ ਨਹੀਂ ਕਰਵਾਇਆ
ਸੈਕਟਰ-17 ਸਥਿਤ ਆਮਦਨ ਕਰ ਵਿਭਾਗ ਦੀ ਟੈਕਸ ਰਿਕਵਰੀ ਟੀਮ ਨੇ ਦੱਸਿਆ ਕਿ ਕਾਂਗਰਸੀ ਨੇਤਾ ਵਿਜੇਪਾਲ ਸਿੰਘ ਉਰਫ ਡਿੰਪੀ ਨੇ ਸਾਲ 2005 ਤੋਂ 2008 ਤੱਕ ਇਨਕਮ ਰਿਟਰਨ ਦੇ ਹਿਸਾਬ ਨਾਲ ਬਣਦਾ 2 ਕਰੋੜ 49 ਲੱਖ 8 ਹਜ਼ਾਰ 219 ਰੁਪਏ ਟੈਕਸ ਵਾਰ-ਵਾਰ ਨੋਟਿਸ ਦੇਣ ਤੋਂ ਬਾਅਦ ਵੀ ਜਮ੍ਹਾ ਨਹੀਂ ਕਰਵਾਇਆ। ਕੇਸ ਆਮਦਨ ਕਰ ਵਿਭਾਗ ਦੇ ਟੈਕਸ ਰਿਕਵਰੀ ਅਧਿਕਾਰੀ ਕੋਲ ਪਹੁੰਚਿਆ। ਉਨ੍ਹਾਂ ਵੱਲੋਂ ਨੋਟਿਸ ਕਰਕੇ ਟੈਕਸ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ। ਟੈਕਸ ਜਮ੍ਹਾ ਨਾ ਕਰਨ 'ਤੇ ਟੈਕਸ ਰਿਕਵਰੀ ਅਫਸਰ-2 ਸ਼ਿਖਾ ਗੁਪਤਾ ਨੇ ਸੈਕਟਰ-40 ਸਥਿਤ ਕੋਠੀ ਨੰਬਰ 359 ਨੂੰ ਅਟੈਚ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਨਿਰਦੇਸ਼ ਮਿਲਦੇ ਸਾਰ ਹੀ ਆਮਦਨ ਕਰ ਵਿਭਾਗ ਦੀ ਟੀਮ ਸੋਮਵਾਰ ਦੁਪਹਿਰ ਸੈਕਟਰ-40 'ਚ ਪਹੁੰਚੀ। ਉਨ੍ਹਾਂ ਨੇ ਕੋਠੀ ਅਟੈਚ ਦਾ ਨਿਰਦੇਸ਼ ਬਾਹਰ ਗੇਟ ਕੋਲ ਚਿਕਪਾ ਦਿੱਤਾ। ਹੁਣ ਇਸ ਕੋਠੀ ਨੂੰ ਵਿਜੇਪਾਲ ਸਿੰਘ ਨਾ ਤਾਂ ਵੇਚ ਸਕਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕਰਜ਼ਾ ਲੈ ਸਕਦੇ ਹਨ। ਉਧਰ, ਵਿਜੈਪਾਲ ਸਿੰਘ ਦੇ ਬੇਟੇ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੀ ਟੀਮ ਨੇ ਟੈਕਸ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਹੈ। ਉਹ ਇਸ ਸਬੰਧੀ ਆਮਦਨ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਿਲਣਗੇ।


author

rajwinder kaur

Content Editor

Related News