ਜ਼ਿਲੇ ਦੇ 70 ਫੀਸਦੀ ਸਿਵਲ ਹਸਪਤਾਲਾਂ ਦੇ ਜਨਰੇਟਰ ਕੋਮਾ ''ਚ
Friday, Nov 24, 2017 - 12:46 AM (IST)

ਨਿਹਾਲ ਸਿੰਘ ਵਾਲਾ, (ਬਾਵਾ/ਜਗਸੀਰ)- ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਤਰ੍ਹਾਂ ਸਹੂਲਤਾਂ ਨਾਲ ਲੈਸ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਸਰਕਾਰਾਂ ਦੇ ਦਾਅਵਿਆਂ ਦੇ ਉਲਟ ਜ਼ਿਲਾ ਮੋਗਾ ਦੇ 70 ਫੀਸਦੀ ਸਰਕਾਰੀ ਹਸਪਤਾਲ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਬੇਸ਼ੱਕ ਵਿਭਾਗ ਵੱਲੋਂ ਇਨ੍ਹਾਂ ਹਸਪਤਾਲਾਂ ਦੀਆਂ ਇਮਾਰਤਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਪਰ ਇਨ੍ਹਾਂ 'ਚ ਪਏ ਜਨਰੇਟਰ ਖਰਾਬ ਹੋ ਚੁੱਕੇ ਹਨ। ਬਿਜਲੀ ਬੰਦ ਹੋਣ 'ਤੇ ਐਮਰਜੈਂਸੀ ਕੇਸਾਂ 'ਚ ਕਿਸੇ ਸਮੇਂ ਵੀ ਅਣਹੋਣੀ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜਿਸ ਦਾ ਖਮਿਆਜ਼ਾ ਬਾਅਦ 'ਚ ਡਾਕਟਰਾਂ ਜਾਂ ਸਟਾਫ ਮੈਂਬਰਾਂ ਨੂੰ ਭੁਗਤਣਾ ਪੈਂਦਾ ਹੈ। ਬਿਨਾਂ ਜਨਰੇਟਰਾਂ ਦੇ ਹਸਪਤਾਲਾਂ 'ਚ ਪਈ ਵੈਕਸੀਨੇਸ਼ਨ ਵੀ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਮੋਗਾ ਜ਼ਿਲੇ 'ਚ ਇਕ ਜ਼ਿਲਾ ਹਸਪਤਾਲ ਤੋਂ ਇਲਾਵਾ 5 ਸੀ. ਐੱਚ. ਸੀ., 5 ਬਲਾਕ ਪੀ. ਐੱਚ. ਸੀ., 20 ਪੀ. ਐੱਚ. ਸੀ. ਅਤੇ ਮਿੰਨੀ ਪੀ. ਐੱਚ. ਸੀ., 2 ਰੂਰਲ ਹਸਪਤਾਲ ਹਨ। ਜ਼ਿਲਾ ਪੱਧਰੀ ਹਸਪਤਾਲ, ਸੀ. ਐੱਚ. ਸੀ. 'ਚ ਵਿਭਾਗ ਵੱਲੋਂ ਐਕਸੀਡੈਂਟ, ਜਣੇਪਾ ਆਦਿ 24 ਘੰਟੇ ਐਮਰਜੈਂਸੀ ਕੇਸ ਦੀ ਸਹੂਲਤ ਦਿੱਤੀ ਹੋਈ ਹੈ ਅਤੇ ਪੀ. ਐੱਚ. ਸੀ. ਤੇ ਮਿੰਨੀ ਪੀ. ਐੱਚ. ਸੀ. ਵਿਚ ਵਿਭਾਗ ਵੱਲੋਂ ਜਣੇਪਾ ਕੇਸਾਂ ਦੀ ਸਹੂਲਤ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਹਸਪਤਾਲਾਂ 'ਚ ਮਹਿੰਗੇ ਮੁੱਲ ਦੀ ਪਈ ਵੈਕਸੀਨੇਸ਼ਨ ਰਾਮ ਭਰੋਸੇ
ਸਰਕਾਰੀ ਹਸਪਤਾਲਾਂ ਦੇ ਜਨਰੇਟਰ ਖਰਾਬ ਹੋਣ ਕਾਰਨ ਹਸਪਤਾਲਾਂ 'ਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਲਾਈ ਜਾਣ ਵਾਲੀ ਵੈਕਸੀਨੇਸ਼ਨ ਵੀ ਰਾਮ ਭਰੋਸੇ ਹੈ। ਜ਼ਿਲੇ ਦੇ ਸਮੂਹ ਸਬ-ਸੈਂਟਰਾਂ ਅਤੇ ਡਿਸਪੈਂਸਰੀਆਂ 'ਚ ਹਰ ਬੁੱਧਵਾਰ ਨੂੰ ਬੱਚਿਆਂ ਦੇ ਲਾਈ ਜਾਣ ਵਾਲੀ ਵੈਕਸੀਨੇਸ਼ਨ ਪੀ. ਐੱਚ. ਸੀ. ਅਤੇ ਮਿੰਨੀ ਪੀ. ਐੱਚ. ਸੀ. ਦੇ ਫਰੀਜ਼ਰਾਂ ਵਿਚ ਰੱਖੀ ਜਾਂਦੀ ਹੈ ਪਰ ਕਈ ਵਾਰ ਬਿਜਲੀ ਸਪਲਾਈ ਦੋ-ਦੋ ਦਿਨ ਠੱਪ ਰਹਿੰਦੀ ਹੈ ਅਤੇ ਜ਼ਿਆਦਾਤਰ ਹਸਪਤਾਲਾਂ ਦੇ ਜਨਰੇਟਰ ਖਰਾਬ ਹਨ, ਜਿਸ ਕਾਰਨ ਫਰੀਜ਼ਰਾਂ ਵਿਚ ਰੱਖੀ ਵੈਕਸੀਨੇਸ਼ਨ ਖਰਾਬ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ।