ਨਸ਼ੇ ''ਚ ਹੈਵਾਨ ਬਣੇ ਹਥਿਆਰਬੰਦਾਂ ਨੇ 5 ਨੌਜਵਾਨਾਂ ਨੂੰ ਵੱਢ ਸੁੱਟਿਆ

Thursday, Oct 05, 2017 - 07:12 AM (IST)

ਨਸ਼ੇ ''ਚ ਹੈਵਾਨ ਬਣੇ ਹਥਿਆਰਬੰਦਾਂ ਨੇ 5 ਨੌਜਵਾਨਾਂ ਨੂੰ ਵੱਢ ਸੁੱਟਿਆ

ਲੁਧਿਆਣਾ,(ਪੰਕਜ)- ਥਾਣਾ ਡਾਬਾ ਦੇ ਅਧੀਨ ਆਉਂਦੇ ਗੁਰਪਾਲ ਨਗਰ ਵਿਚ ਚਿੱਟੇ ਦੇ ਨਸ਼ੇ ਵਿਚ ਇਨਸਾਨ ਤੋਂ ਹੈਵਾਨ ਬਣੇ ਦੋ ਦਰਜਨ ਤੋਂ ਜ਼ਿਆਦਾ ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਵਿਚ ਵੜ ਕੇ ਖੂਨ ਦੀ ਹੋਲੀ ਖੇਡਦੇ ਹੋਏ 5 ਨੌਜਵਾਨਾਂ ਨੂੰ ਬੁਰੀ ਤਰ੍ਹਾਂ ਵੱਢ ਸੁੱਟਿਆ। ਟੋਕੇ, ਕਿਰਪਾਨਾਂ ਅਤੇ ਦੁਰਮਟ ਨਾਲ ਕੀਤੇ ਵਾਰਾਂ ਕਾਰਨ ਜ਼ਖਮੀ 2 ਨੌਜਵਾਨਾਂ ਦੀ ਹਸਪਤਾਲ ਵਿਚ ਹਾਲਤ ਗੰਭੀਰ ਬਣੀ ਹੋਈ ਹੈ। ਦੇਰ ਰਾਤ ਹੋਏ ਇਸ ਹਮਲੇ ਨਾਲ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਕਾਇਮ ਹੈ।
ਘਟਨਾ ਵਾਲੀ ਜਗ੍ਹਾ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਪਾਲ ਨਗਰ ਵਿਚ ਕਰਤਾਰ ਉਦਯੋਗ ਨਾਮੀ ਪਾਰਟਸ ਬਣਾਉਣ ਵਾਲੀ ਫੈਕਟਰੀ ਦੇ ਮਾਲਕਾਂ ਗੁਰਚਰਨ ਸਿੰਘ ਅਤੇ ਗੁਰਪਾਲ ਸਿੰਘ (ਦੋਵੇਂ ਸਕੇ ਭਰਾ) ਦੀ ਇਲਾਕੇ ਵਿਚ ਚਿੱਟੇ ਦਾ ਕਾਰੋਬਾਰ ਕਰਨ ਅਤੇ ਪੀਣ ਵਾਲਿਆਂ ਦੇ ਨਾਲ ਮਾਮੂਲੀ ਤੂੰ-ਤੂੰ ਮੈਂ-ਮੈਂ ਹੋ ਗਈ। ਨਤੀਜੇ ਵਜੋਂ ਕਿਰਪਾਨ, ਟੋਕੇ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਦੋ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੇ ਫੈਕਟਰੀ 'ਤੇ ਧਾਵਾ ਬੋਲਦੇ ਹੋਏ ਦੋਵਾਂ ਭਰਾਵਾਂ 'ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਅਚਾਨਕ ਹੋਈ ਇਸ ਵਾਰਦਾਤ ਦੌਰਾਨ ਫੈਕਟਰੀ 'ਚ ਕੰਮ ਕਰਦੇ ਬਿੱਟੂ ਕੁਮਾਰ, ਹਰਪ੍ਰੀਤ ਸਿੰਘ ਅਤੇ ਕੰਵਲਜੀਤ ਸਿੰਘ ਦੋਵਾਂ ਭਰਾਵਾਂ ਨੂੰ ਬਚਾਉਣ ਲਈ ਜਿਵੇਂ ਹੀ ਅੱਗੇ ਆਏ ਦੋਸ਼ੀਆਂ ਨੇ ਉਨ੍ਹਾਂ 'ਤੇ ਵੀ ਵਾਰ ਕਰਨੇ ਸ਼ੁਰੂ ਕਰ ਦਿੱਤੇ। ਬੁਰੀ ਤਰ੍ਹਾਂ ਲਹੂ-ਲੁਹਾਨ ਹੋਏ ਗੁਰਚਰਨ ਦੇ ਸਿਰ ਅਤੇ ਸਰੀਰ 'ਤੇ ਦੋਸ਼ੀਆਂ ਨੇ ਦੁਰਮਟ ਨਾਲ ਵੀ ਕਈ ਵਾਰ ਕੀਤੇ। 
ਦੋਵਾਂ ਭਰਾਵਾਂ ਨੂੰ ਮਰਿਆ ਹੋਇਆ ਸਮਝ ਕੇ ਹਮਲਾਵਰ ਉਥੋਂ ਫਰਾਰ ਹੋ ਗਏ। ਘਟਨਾ ਦਾ ਪਤਾ ਲਗਦੇ ਹੀ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. ਅਮਨਦੀਪ ਬਰਾੜ ਅਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿਚ ਪੁਲਸ ਮੌਕੇ 'ਤੇ ਪੁੱਜੀ ਅਤੇ ਜ਼ਖਮੀਆਂ ਨੂੰ ਤੁਰੰਤ ਅਪੋਲੋ ਹਸਪਤਾਲ ਪਹੁੰਚਾਇਆ, ਜਿੱਥੇ ਗੁਰਚਰਨ ਅਤੇ ਗੁਰਪਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਪਰਮਿੰਦਰ ਸਿੰਘ ਪੁੱਤਰ ਸੇਵਾ ਸਿੰਘ ਦੇ ਬਿਆਨਾਂ 'ਤੇ ਹਮਲਾਵਰਾਂ ਅਸ਼ੋਕ ਕੁਮਾਰ, ਚੀਨਾ, ਸ਼ੰਟੀ ਸਿੰਘ, ਕਾਕਾ, ਬੰਟੀ ਬਾਜਵਾ, ਮੇਹਤਾਬ ਬੰਟੀ, ਲੱਖਾ ਸਿੰਘ, ਰਵੀ ਠਾਕੁਰ, ਰਾਣਾ ਸਮੇਤ ਦਰਜਨ ਭਰ ਅਣਪਛਾਤੇ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਕੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।


Related News