ਪਿੰਡ ''ਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਗੰਡਾਸੇ ਨਾਲ ਵੱਢ ''ਤਾ ਮੁੰਡਾ!

Friday, May 01, 2026 - 09:26 PM (IST)

ਪਿੰਡ ''ਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਗੰਡਾਸੇ ਨਾਲ ਵੱਢ ''ਤਾ ਮੁੰਡਾ!

ਮਾਛੀਵਾੜਾ ਸਾਹਿਬ (ਟੱਕਰ) - ਰਤੀਪੁਰ ਰੋਡ ''ਤੇ ਇੱਕ ਕਾਲੋਨੀ ਵਿਚ ਅੱਜ ਸ਼ਾਮ ਨੌਜਵਾਨਾਂ ਵਿਚਕਾਰ ਖੂਨੀ ਜੰਗ ਹੋਈ ਜਿਸ ਵਿਚ ਇੱਕ ਨੌਜਵਾਨ ਗਗਨਦੀਪ ਸਿੰਘ ਉਰਫ਼ ਬਿੱਲਾ (30) ਵਾਸੀ ਹੇਡੋਂ ਬੇਟ ਦੀ ਮੌਤ ਹੋ ਗਈ ਜਦਕਿ ਦੂਸਰਾ ਮਨੀ ਵਾਸੀ ਲੱਖੋਵਾਲ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨਾਂ ਦੇ ਦੋ ਧਿਰਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਰੰਜਿਸ਼ਬਾਜੀ ਚੱਲ ਰਹੀ ਸੀ | ਇੱਕ ਫੋਨ ਤੋਂ ਪ੍ਰਾਪਤ ਰਿਕਾਰਡਿੰਗ ਅਨੁਸਾਰ ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ ਫੋਨ ਕਰਕੇ ਪਹਿਲਾਂ ਲੱਖੋਵਾਲ ਦਾਣਾ ਮੰਡੀ ਵਿਖੇ ਬੁਲਾਇਆ ਅਤੇ ਫਿਰ ਇਹ ਰਤੀਪੁਰ ਰੋਡ ''ਤੇ ਸਥਿਤ ਇੱਕ ਕਾਲੋਨੀ ਵਿਚ ਇਕੱਤਰ ਹੋ ਗਏ | 

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ 30 ਤੋਂ ਵੱਧ ਨੌਜਵਾਨਾਂ ਦੇ ਇੱਕ ਧੜੇ ਨੇ ਦੂਜੇ ਧੜੇ ਦੇ ਨੌਜਵਾਨਾਂ ਉੱਪਰ ਗੰਡਾਸਿਆਂ, ਕਿਰਪਾਨਾਂ ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਪੁਲਸ ਵਲੋਂ ਮੌਕੇ ''ਤੇ ਪੁੱਜ ਕੇ ਖੂਨੀ ਜੰਗ ਵਿਚ ਜਖ਼ਮੀ ਹੋਏ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਅਤੇ ਮਨੀ ਵਾਸੀ ਲੱਖੋਵਾਲ ਨੂੰ ਸਮਰਾਲਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਇੱਥੇ ਇਲਾਜ ਦੌਰਾਨ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਜਦਕਿ ਮਨੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਇਸ ਲੜਾਈ ਵਿਚ ਇੱਕ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | 

ਮਿ੍ਤਕ ਗਗਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿ ਉਸਦੇ ਲੜਕੇ ਨੇ ਕੁਝ ਦਿਨ ਪਹਿਲਾਂ ਪਿੰਡ ਵਿਚ ਨਸ਼ਾ ਵੇਚਣ ਵਾਲੇ ਕੁਝ ਵਿਅਕਤੀਆਂ ਨੂੰ ਰੋਕਿਆ ਸੀ ਅਤੇ ਪੁਲਸ ਹਵਾਲੇ ਕੀਤਾ ਸੀ | ਇਸ ਤੋਂ ਬਾਅਦ ਇਹ ਚਿੱਟੇ ਦਾ ਨਸ਼ਾ ਵੇਚਣ ਵਾਲੇ ਉਸ ਨਾਲ ਰੰਜਿਸ਼ ਰੱਖਦੇ ਸਨ ਜਿਸ ਕਾਰਨ ਉਨ੍ਹਾਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ | ਮਿ੍ਤਕ ਦੇ ਪਿਤਾ ਸੁਰਿੰਦਰ ਸਿੰਘ ਅਨੁਸਾਰ ਚਿੱਟਾ ਵੇਚਣ ਅਤੇ ਉਸਦਾ ਕਤਲ ਕਰਨ ਵਾਲਿਆਂ ਖਿਲਾਫ਼ ਜਿਸ ਵਿਚ ਉਨ੍ਹਾਂ ਦੇ ਪਿੰਡ ਨਾਲ ਸਬੰਧਿਤ ਨੌਜਵਾਨ ਵੀ ਸ਼ਾਮਲ ਹਨ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ |

ਕਿਸਾਨੀ ਸੰਘਰਸ਼ ਤੇ ਹੋਰ ਸਮਾਜ ਸੇਵੀ ਕੰਮਾਂ ''ਚ ਮੋਹਰੀ ਰਹਿੰਦਾ ਸੀ ਮਿ੍ਤਕ ਗਗਨਦੀਪ ਸਿੰਘ
ਪਿੰਡ ਹੇਡੋਂ ਬੇਟ ਦਾ ਵਾਸੀ ਗਗਨਦੀਪ ਸਿੰਘ ਜਿਸ ਨੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਸ਼ੰਭੂ ਬਾਰਡਰ ''ਤੇ ਕਈ ਦਿਨ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਕਿਸਾਨੀ ਹਿੱਤਾਂ ਲਈ ਡਟਿਆ ਰਿਹਾ | ਉਸਦੇ ਦੋਸਤਾਂ ਨੇ ਦੱਸਿਆ ਕਿ ਉਹ ਹੋਰ ਵੀ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਦਾ ਸੀ | ਮਿ੍ਤਕ ਨੌਜਵਾਨ ਗਗਨਦੀਪ ਸਿੰਘ ਅਜੇ ਕੁਆਰਾ ਸੀ ਅਤੇ ਉਸਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |

ਪਿਤਾ ਦਾ ਦੋਸ਼, ਵਿਦੇਸ਼ ਤੋਂ ਆਉਂਦੀਆਂ ਸਨ ਧਮਕੀਆਂ
ਮਿ੍ਤਕ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਜਿੱਥੇ ਨਸ਼ਾ ਵੇਚਣ ਵਾਲਿਆਂ ਦਾ ਡੱਟ ਕੇ ਵਿਰੋਧ ਕਰਦਾ ਸੀ ਉੱਥੇ ਲੋਕ ਹਿੱਤਾਂ ਵਾਲੇ ਹਰੇਕ ਸੰਘਰਸ਼ ਵਿਚ ਮੋਹਰੀ ਹੁੰਦਾ ਸੀ | ਉਸਨੇ ਦੋਸ਼ ਲਗਾਇਆ ਕਿ ਉਸਦੇ ਲੜਕੇ ਨੂੰ ਵਿਦੇਸ਼ ਤੋਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਆਉਂਦੀਆਂ ਸਨ ਤੇ ਅੱਜ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਚਿੱਟੇ ਖਿਲਾਫ਼ ਉੱਠਣ ਵਾਲੀ ਅਵਾਜ਼ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ |


author

Inder Prajapati

Content Editor

Related News