ਪੰਜਾਬ: ਦੋਸਤ ਹੀ ਬਣਿਆ ਹੈਵਾਨ, ਡਰਾਈਵਰ ਸਾਥੀ ਦਾ ਬੇਰਹਿਮੀ ਨਾਲ ਕੀਤਾ ਕਤਲ

Thursday, Apr 30, 2026 - 02:18 PM (IST)

ਪੰਜਾਬ: ਦੋਸਤ ਹੀ ਬਣਿਆ ਹੈਵਾਨ, ਡਰਾਈਵਰ ਸਾਥੀ ਦਾ ਬੇਰਹਿਮੀ ਨਾਲ ਕੀਤਾ ਕਤਲ

ਤਰਨਤਾਰਨ(ਰਮਨ)- ਟਰੱਕ ਡਰਾਈਵਰ ਦੇ ਸਾਥੀ ਵੱਲੋਂ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਕ ਨਵੀਂ ਦਾਣਾ ਮੰਡੀ ਤੋਂ ਕਪੂਰਥਲਾ ਫੈਕਟਰੀ ਲਈ ਰਵਾਨਾ ਹੋਏ ਕਣਕ ਨਾਲ ਭਰੇ ਟਰੱਕ ਨੂੰ ਰਸਤੇ ’ਚ ਰੋਕ ਕੇ ਡਰਾਈਵਰ ਦੇ ਸਾਥੀ ਵੱਲੋਂ  ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ। ਇਸ ਦੌਰਾਨ ਹੱਤਿਆਰਾ ਜਦੋਂ ਡਰਾਈਵਰ ਦੀ ਮ੍ਰਿਤਕ ਦੇਹ ਸਮੇਤ ਟਰੱਕ ਨੂੰ ਭਜਾ ਕੇ ਅੰਮ੍ਰਿਤਸਰ ਦਾਣਾ ਮੰਡੀ ਲਿਜਾ ਰਿਹਾ ਸੀ ਤਾਂ ਟਰੱਕ ਰਸਤੇ ’ਚ ਬੰਦ ਹੋ ਗਿਆ। ਜਿਸ ਤੋਂ ਬਾਅਦ ਕਾਤਲ ਫਰਾਰ ਹੋ ਗਿਆ। ਇਸ ਦੌਰਾਨ ਕਣਕ ਦੇ ਮਾਲਕ ਟਰੱਕ ਦੀ ਭਾਲ ਕਰਦੇ ਹੋਏ ਅੰਮ੍ਰਿਤਸਰ ਵਿਖੇ ਜਾ ਪੁੱਜੇ, ਤਾਂ ਉਹ  ਡਰਾਈਵਰ ਦੀ ਖੂਨ ਨਾਲ ਲੱਥਪੱਥ ਲਾਸ਼ ਵੇਖ ਕੇ ਹੈਰਾਨ ਰਹਿ ਗਏ। ਇਸ ਦੌਰਾਨ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿੱਥੇ ਥਾਣਾ ਸੀ ਡਵੀਜ਼ਨ ਦੀ ਪੁਲਸ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈਂਦੇ ਹੋਏ ਜਿੱਥੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਹੱਤਿਆ ਕਰਨ ਵਾਲੇ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਦਿਨਾਂ ਲਈ ਕੱਪੜੇ ਦੀਆਂ ਮਾਰਕੀਟਾਂ ਬੰਦ

ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਅਤੇ ਸੀਨੀਅਰ ਅਕਾਲੀ ਆਗੂ ਵਿਜੇਪਾਲ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਮਨ ਕੁਮਾਰ ਪੁੱਤਰ ਸਤਿੰਦਰ ਪਾਲ ਨਿਵਾਸੀ ਖਾਲਸਾਪੁਰ ਰੋਡ ਤਰਨਤਾਰਨ ਪਾਸੋਂ ਇਕ 10 ਚੱਕੀ ਟਰੱਕ ਕਿਰਾਏ 'ਤੇ ਲਏ ਗਏ , ਜਿਸ ਵਿਚ ਕਰੀਬ 25 ਟਨ ਕਣਕ ਦੇ ਤੋੜੇ ਲੱਦ ਕੇ ਉਸ ਨੂੰ ਆਈ.ਟੀ.ਸੀ ਕੰਪਨੀ ਕਪੂਰਥਲਾ ਵਿਖੇ ਬੀਤੀ ਰਾਤ ਕਰੀਬ 12 ਵਜੇ ਰਵਾਨਾ ਕੀਤਾ ਗਿਆ। ਵਿਜੇਪਾਲ ਚੌਧਰੀ ਨੇ ਦੱਸਿਆ ਕਿ ਟਰੱਕ ਦਾ ਚਾਲਕ ਨਿਸ਼ਾਨ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਪਿੰਡ ਸ਼ੇਖ ਚੱਕ ਆਪਣੇ ਇਕ ਹੋਰ ਡਰਾਈਵਰ ਸਾਥੀ ਜਿੰਦਾ ਵਾਸੀ ਮੂਲੇ ਚੱਕ ਜ਼ਿਲਾ ਅੰਮ੍ਰਿਤਸਰ ਨਾਲ ਕਪੂਰਥਲਾ ਜਾਂਦੇ ਸਮੇਂ ਰਸਤੇ ’ਚ ਆਪਣੇ ਘਰ ਪਿੰਡ ਸ਼ੇਖ ਚੱਕ ਵਿਖੇ ਰੁਕ ਗਏ, ਜਿੱਥੇ ਇਹ ਦੋਵੇਂ ਰੋਟੀ-ਪਾਣੀ ਖਾਣ ਤੋਂ ਬਾਅਦ ਕਰੀਬ ਡੇਢ ਵਜੇ ਕਪੂਰਥਲਾ ਲਈ ਟਰੱਕ ਸਣੇ ਰਵਾਨਾ ਹੋ ਗਏ।

ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ

ਵਿਜੇ ਪਾਲ ਚੌਧਰੀ ਨੇ ਦੱਸਿਆ ਕਿ ਜਦੋਂ ਦੇਰ ਰਾਤ ਟਰੱਕ ਦੇ ਮਾਲਕ ਰਮਨ ਕੁਮਾਰ ਨੇ ਟਰੱਕ ਦੀ ਲੋਕੇਸ਼ਨ ਵੇਖੀ ਤਾਂ ਉਹ ਮੁੰਡੀ ਮੋੜ ਤੋਂ ਬਾਅਦ ਵਾਪਸ ਤਰਨਤਾਰਨ ਸ਼ਹਿਰ ਦੇ ਰਸਤੇ ਅੰਮ੍ਰਿਤਸਰ ਜਾ ਰਿਹਾ ਸੀ। ਡਰਾਈਵਰ ਦਾ ਫੋਨ ਬੰਦ ਹੋਣ ਤੋਂ ਬਾਅਦ ਮਾਲਕ ਨੂੰ ਸ਼ੱਕ ਪੈ ਗਿਆ, ਜਿਸ ਤੋਂ ਬਾਅਦ ਉਹ ਖੁਦ ਰਮਨ ਕੁਮਾਰ ਸਮੇਤ ਅੰਮ੍ਰਿਤਸਰ ਲਈ ਰਵਾਨਾ ਹੋਏ, ਜਿੱਥੇ ਲੋਕੇਸ਼ਨ ਨੂੰ ਵੇਖਦੇ ਹੋਏ ਨੇੜੇ ਥਾਣਾ ਸੀ ਡਵੀਜ਼ਨ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਬਰਾਮਦ ਕਰ ਲਿਆ ਗਿਆ। ਵਿਜੇਪਾਲ ਚੌਧਰੀ ਨੇ ਦੱਸਿਆ ਕਿ ਟਰੱਕ ਦੇ ਅੰਦਰ ਹੀ ਡਰਾਈਵਰ ਨਿਸ਼ਾਨ ਸਿੰਘ ਦੀ ਲਾਸ਼ ਖੂਨ ਨਾਲ ਲੱਥ-ਪੱਥ ਹੋਈ ਪਾਈ ਗਈ ਜਦਕਿ ਇਸ ਦਾ ਦੋਸਤ ਜਿੰਦਾ ਮੌਕੇ ’ਤੇ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੰਮ੍ਰਿਤਸਰ ਦੀ ਥਾਣਾ ਸੀ ਡਵੀਜ਼ਨ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਮੌਕੇ ’ਤੇ ਸਹਾਇਕ ਕਮਿਸ਼ਨਰ ਪੁਲਸ ਵਿਸ਼ਾਲ ਜੀਤ ਸਿੰਘ ਅਤੇ ਥਾਣਾ ਮੁਖੀ ਰਜਵੰਤ ਕੌਰ ਮੌਕੇ ’ਤੇ ਪੁੱਜੇ, ਜਿਨ੍ਹਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਵਿਜੇਪਾਲ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਹਰਜੀਤ ਕੌਰ ਅਤੇ ਇਕ ਬੇਟਾ (14), ਬੇਟੀ (10) ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ- ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਣਾ ਸੀ ਡਵੀਜ਼ਨ ਵਿਖੇ ਮ੍ਰਿਤਕ ਨਿਸ਼ਾਨ ਸਿੰਘ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਹੇਠ ਜਿੰਦਾ ਵਾਸੀ ਮੂਲੇ ਚੱਕ ਜ਼ਿਲਾ ਅੰਮ੍ਰਿਤਸਰ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਟਰੱਕ ਵਿਚ ਮੌਜੂਦ ਕਣਕ ਨੂੰ ਚੋਰੀ ਕਰਨ ਦੀ ਨੀਅਤ ਨਾਲ ਡਰਾਈਵਰ ਨਿਸ਼ਾਨ ਸਿੰਘ ਦੇ ਸਿਰ ’ਚ ਲੋਹੇ ਦੀ ਰੌਡ ਨਾਲ ਵਾਰ ਕੀਤੇ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: 6 ਕਿਲੋ ਹੈਰੋਇਨ ਦੀ ਬਰਾਮਦਗੀ ਮਗਰੋਂ ਫਿਰ ਮਿਲੀ ਵੱਡੀ ਖੇਪ, 2 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News