ਲੁਧਿਆਣਾ ''ਚ NRI ਪਰਿਵਾਰ ਤੋਂ 5 ਲੱਖ ਦੀ ਮੰਗੀ ਫ਼ਿਰੌਤੀ, ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ

Wednesday, Apr 22, 2026 - 02:22 PM (IST)

ਲੁਧਿਆਣਾ ''ਚ NRI ਪਰਿਵਾਰ ਤੋਂ 5 ਲੱਖ ਦੀ ਮੰਗੀ ਫ਼ਿਰੌਤੀ, ਮਾਸੂਮ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ 'ਚ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਸੱਤ ਸਮੁੰਦਰ ਪਾਰ ਬੈਠੇ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਸਰਾਭਾ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਊਦੀ ਅਰਬ 'ਚ ਮਿਹਨਤ-ਮਜ਼ਦੂਰੀ ਕਰ ਰਹੇ ਇੱਕ ਵਿਅਕਤੀ ਤੋਂ 5 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ ਹੈ। ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਪਿੱਛੋਂ ਲੁਧਿਆਣਾ ਸਥਿਤ ਉਸ ਦੇ ਘਰ 'ਚ ਵੜ ਕੇ ਲੁੱਟ-ਖੋਹ ਕੀਤੀ ਅਤੇ ਉਸ ਦੀ ਪਤਨੀ ਅਤੇ 9 ਸਾਲ ਦੇ ਮਾਸੂਮ ਬੇਟੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤ ਜ਼ੀਨਤ ਬੇਗਮ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 4 ਸਾਲਾਂ ਤੋਂ ਸਾਊਦੀ ਅਰਬ 'ਚ ਕੰਮ ਕਰ ਰਿਹਾ ਹੈ। 18 ਅਪ੍ਰੈਲ ਨੂੰ ਉਸ ਦੇ ਪਤੀ ਨੇ ਫੋਨ ਕਰਕੇ ਦੱਸਿਆ ਕਿ ਮਨੀ ਕੁਮਾਰ ਨਾਮਕ ਵਿਅਕਤੀ ਉਸ ਨੂੰ ਲਗਾਤਾਰ ਫੋਨ ਕਰਕੇ ਪਰੇਸ਼ਾਨ ਕਰ ਰਿਹਾ ਹੈ ਅਤੇ 5 ਲੱਖ ਰੁਪਏ ਮੰਗ ਰਿਹਾ ਹੈ।

ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਮਿਲੇ ਤਾਂ ਉਹ ਉਨ੍ਹਾਂ ਦੇ 9 ਸਾਲਾ ਪੁੱਤਰ ਸੁਖਜੋਤ ਸਿੰਘ ਨੂੰ ਮਾਰ ਦੇਵੇਗਾ। ਵਾਰਦਾਤ ਉਸ ਸਮੇਂ ਵਧੀ, ਜਦੋਂ 20 ਅਪ੍ਰੈਲ ਨੂੰ ਪੀੜਤਾ ਆਪਣੇ ਪੁੱਤਰ ਨਾਲ ਰਿਸ਼ਤੇਦਾਰੀ 'ਚ ਗਈ ਹੋਈ ਸੀ। ਪਿੱਛੋਂ ਮੁਲਜ਼ਮ ਮਨੀ ਕੁਮਾਰ ਨੇ ਆਪਣੇ ਤਿੰਨ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਘਰ ਦੇ ਤਾਲੇ ਤੋੜ ਦਿੱਤੇ ਅਤੇ ਉੱਥੋਂ ਇੱਕ ਮੋਬਾਇਲ ਫੋਨ, ਦੋ ਗੈਸ ਸਿਲੰਡਰ, ਜ਼ਰੂਰੀ ਅਸਲੀ ਦਸਤਾਵੇਜ਼ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਮੁਲਜ਼ਮਾਂ ਨੇ ਜਾਂਦੇ ਸਮੇਂ ਘਰ ਦੇ ਮੁੱਖ ਗੇਟ ਨੂੰ ਆਪਣਾ ਤਾਲਾ ਲਗਾ ਦਿੱਤਾ ਅਤੇ ਬਾਅਦ 'ਚ ਪੀੜਤ ਨੂੰ ਘਰ ਦੀਆਂ ਤਸਵੀਰਾਂ ਭੇਜ ਕੇ ਧਮਕੀਆਂ ਦਿੱਤੀਆਂ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਸਦਮੇ ਅਤੇ ਦਹਿਸ਼ਤ 'ਚ ਹੈ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੁਲਜ਼ਮ ਮਨੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਅਤੇ ਕਾਲ ਡਿਟੇਲਜ਼ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
 


author

Babita

Content Editor

Related News