ਸਹੁਰਿਆਂ ਨੇ ਜਵਾਈ ’ਤੇ ਤੇਲ ਪਾ ਕੇ ਜ਼ਿੰਦਾ ਸਾੜਿਆ, ਮੌਤ

Wednesday, Aug 28, 2019 - 01:04 AM (IST)

ਸਹੁਰਿਆਂ ਨੇ ਜਵਾਈ ’ਤੇ ਤੇਲ ਪਾ ਕੇ ਜ਼ਿੰਦਾ ਸਾੜਿਆ, ਮੌਤ

ਅੰਮ੍ਰਿਤਸਰ, (ਸੰਜੀਵ)- ਪਤੀ-ਪਤਨੀ ਵਿਚਕਾਰ ਅਣਬਣ ਨੌਜਵਾਨ ਦੀ ਮੌਤ ਦਾ ਕਾਰਣ ਬਣ ਗਈ। ਮੌਤ ਵੀ ਇਸ ਕਦਰ ਦਰਦਨਾਕ ਸੀ ਕਿ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ। ਸਹੁਰਿਆਂ ਤੋਂ ਰੁੱਸ ਕੇ ਆਪਣੇ ਪੇਕੇ ਆਈ ਪਤਨੀ ਪੂਜਾ ਨੂੰ ਮਨਾਉਣ ਆਏ ਉਸ ਦੇ ਪਤੀ ਰਾਕੇਸ਼ ਕੁਮਾਰ ’ਤੇ ਸਹੁਰੇ ਵਾਲਿਆਂ ਨੇ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ। ਇਸ ਤੋਂ ਬਾਅਦ ਰਾਕੇਸ਼ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਰਾਕੇਸ਼ ਨੂੰ ਸਾੜਨ ਅਤੇ ਕੁੱਟਣ ਵਾਲਿਆਂ ਵਿਚ ਉਸ ਦੀ ਪਤਨੀ ਪੂਜਾ ਸ਼ਰਮਾ, ਸਾਲਾ ਮਨੋਜ ਕੁਮਾਰ, ਮਨੋਜ ਕੁਮਾਰ ਦੀ ਪਤਨੀ ਸਵਿਤਾ ਅਤੇ ਉਨ੍ਹਾਂ ਦਾ ਬੇਟਾ ਰਾਘਵ ਸ਼ਾਮਲ ਸਨ।

ਥਾਣਾ ਕੈਂਟੋਨਮੈਂਟ ਦੀ ਪੁਲਸ ਨੇ ਮ੍ਰਿਤਕ ਰਾਕੇਸ਼ ਕੁਮਾਰ ਦੇ ਪਿਤਾ ਖਰੈਤੀ ਲਾਲ ਨਿਵਾਸੀ ਲੁਧਿਆਣਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਦੋਸ਼ੀ ਵਾਰਦਾਤ ਤੋਂ ਬਾਅਦ ਅੰਡਰਗਰਾਊਂਡ ਹੋ ਚੁੱਕੇ ਹਨ। ਖਰੈਤੀ ਲਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਨੂੰਹ ਪੂਜਾ ਰੱਖੜੀ ਤੋਂ ਇਕ ਦਿਨ ਪਹਿਲਾਂ ਆਪਣੀ ਬੇਟੀ ਮਾਨਵੀ ਸ਼ਰਮਾ ਨਾਲ ਪੇਕੇ ਆਈ ਸੀ। ਉਸ ਤੋਂ ਬਾਅਦ ਉਸ ਨੇ ਸਹੁਰੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਬੀਤੀ ਰਾਤ ਉਹ ਆਪਣੇ ਲੜਕੇ ਨਾਲ ਆਪਣੀ ਨੂੰਹ ਪੂਜਾ ਨੂੰ ਲੈਣ ਲਈ ਆਇਆ ਸੀ, ਜਿਥੇ ਸਹੁਰੇ ਪਰਿਵਾਰ ਨਾਲ ਹੋਈ ਅਣਬਣ ਦੌਰਾਨ ਪਹਿਲਾਂ ਤਾਂ ਉਸ ਦੇ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਫਿਰ ਤੇਲ ਪਾ ਕੇ ਉਸ ਦੀਆਂ ਅੱਖਾਂ ਦੇ ਸਾਹਮਣੇ ਪੁੱਤਰ ਨੂੰ ਸਾੜ ਦਿੱਤਾ।


author

KamalJeet Singh

Content Editor

Related News