ਲੈਣ ਦੇਣ ਦੇ ਮਾਮਲੇ ਸਬੰਧੀ ਵਪਾਰੀ ਨੇ ਖੁਦ ਨੂੰ ਮਾਰੀ ਗੋਲੀ, ਮੌਤ

Monday, Mar 26, 2018 - 06:38 AM (IST)

ਲੈਣ ਦੇਣ ਦੇ ਮਾਮਲੇ ਸਬੰਧੀ ਵਪਾਰੀ ਨੇ ਖੁਦ ਨੂੰ ਮਾਰੀ ਗੋਲੀ, ਮੌਤ

ਬਠਿੰਡਾ,   (ਵਰਮਾ)-  ਗਰੋਥ ਸੈਂਟਰ ਸਥਿਤ ਫੈਕਟਰੀ ਮਾਲਕ ਤਰਸੇਮ ਚੰਦ (45) ਨੇ ਅੱਜ ਸਵੇਰੇ ਲਗਭਗ 8:30 ਵਜੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਜਦਕਿ ਉਸ ਦੇ ਬੇਟੇ ਦੀ ਸ਼ਿਕਾਇਤ 'ਤੇ ਪੁਲਸ ਨੇ ਪਹਿਲਾਂ ਰਹੇ ਹਿੱਸੇਦਾਰਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਿਉ ਦਾ ਕੰਮ ਕਰਨ ਵਾਲੇ ਤਰਸੇਮ ਚੰਦ ਘਰ ਤੋਂ ਸਵੇਰੇ ਫੈਕਟਰੀ ਲਈ ਆਪਣੀ ਕਾਰ 'ਤੇ ਗਿਆ ਤੇ ਆਪਣੀ ਫੈਕਟਰੀ ਈ-27 ਬਾਹਰ ਉਸਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਬੇਟੇ ਕ੍ਰਿਸ਼ਨ ਸਿੰਗਲਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਿਤਾ ਦਾ ਤ੍ਰਿਲੋਕ ਚੰਦ ਤੇ ਹਰਿਦਵਾਰੀ ਲਾਲ ਨਾਲ ਪੈਸੇ ਦਾ ਕੋਈ ਲੈਣ ਦੇਣ ਸੀ, ਜਿਸ ਨੂੰ ਲੈ ਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਲੈਣ ਦੇਣ ਦੇ ਵਿਵਾਦ ਨੂੰ ਲੈ ਕੇ ਹੀ ਉਸਦੇ ਪਿਤਾ ਨੇ ਖੁਦ ਨੂੰ ਗੋਲੀ ਮਾਰੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਉਸਦਾ ਪੋਸਟਮਾਰਟਮ ਕਰਵਾਇਆ ਜਦਕਿ 32 ਬੋਰ ਦੇ ਜਿਸ ਰਿਵਾਲਵਰ ਨਾਲ ਗੋਲੀ ਚਲਾਈ ਸੀ ਉਸਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਮੌਕੇ ਤੋਂ ਉਸਦੀ ਖੂਨ ਨਾਲ ਲਥਪਥ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਜਿਸ ਵਿਚ ਬੈਠ ਕੇ ਤਰਸੇਮ ਚੰਦ ਨੇ ਗੋਲੀ ਮਾਰੀ ਸੀ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਕੋਟਫੱਤਾ ਪੁਲਸ ਦੇ ਮੁਖੀ ਰਾਜਿੰਦਰਪਾਲ ਨੇ ਦੱਸਿਆ ਕਿ ਪੁਲਸ ਨੂੰ ਇਸ ਘਟਨਾ ਦੀ ਜਿਵੇਂ ਹੀ ਜਾਣਕਾਰੀ ਮਿਲੀ ਤਾਂ ਉਹ ਟੀਮ ਸਮੇਤ ਮੌਕੇ 'ਤੇ ਪਹੁੰਚੇ। ਤਰਸੇਮ ਚੰਦ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਬੇਟੇ ਕ੍ਰਿਸ਼ਨ ਸਿੰਗਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਪਿਤਾ ਦਾ ਆਪਣੇ ਪਾਰਟਨਰਾਂ ਨਾਲ ਲੈਣ ਦੇਣ ਦਾ ਵਿਵਾਦ ਚਲ ਰਿਹਾ ਸੀ, ਜਿਸ ਨੂੰ ਲੈ ਕੇ ਉਹ ਮਾਨਸਿਕ ਤਨਾਅ ਵਿਚ ਰਹਿੰਦੇ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਤ੍ਰਿਲੋਕ ਕੁਮਾਰ ਤੇ ਹਰਿਦਵਾਰੀ ਲਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਜਾਂਚ ਚਲ ਰਹੀ ਹੈ। ਜਦਕਿ ਮੁਲਜ਼ਮਾਂ ਨੂੰ ਫੜਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਨੂੰ ਸੌਂਪ ਦਿੱਤਾ ਹੈ।


Related News