ਕਾਂਸਟੇਬਲ ਨੂੰ ਟੱਕਰ ਮਾਰਨ ਵਾਲੇ ਮੋਟਰਸਾਈਕਲ ਚਾਲਕ ਨੂੰ 7 ਸਾਲ ਦੀ ਕੈਦ
Thursday, Mar 23, 2023 - 11:47 AM (IST)

ਚੰਡੀਗੜ੍ਹ (ਸੁਸ਼ੀਲ) : ਸਾਈਕਲ ਟਰੈਕ ’ਤੇ ਕਾਂਸਟੇਬਲ ਨੂੰ ਟੱਕਰ ਮਾਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਮੋਟਰਸਾਈਕਲ ਚਾਲਕ ਯੁਵਰਾਜ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਟ੍ਰੈਫਿਕ ਵਿੰਗ 'ਚ ਤਾਇਨਾਤ ਕਾਂਸਟੇਬਲ ਰਾਜੇਸ਼ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ 24 ਦਸੰਬਰ 2021 ਨੂੰ ਸਾਥੀ ਹਰੀਸ਼ ਨਾਲ ਸੈਕਟਰ-46 ਵੱਲ ਜਾਣ ਵਾਲੇ ਸਾਈਕਲ ਟਰੈਕ ’ਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਸੀ। ਸ਼ਾਮ 5 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਬਿਨ੍ਹਾਂ ਹੈਲਮੇਟ ਸਾਈਕਲ ਟਰੈਕ ’ਤੇ ਆ ਰਹੇ ਸਨ। ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਂਸਟੇਬਲ ਨੂੰ ਵੇਖ ਕੇ ਉਨ੍ਹਾਂ ਨੇ ਮੋਟਰਸਾਈਕਲ ਦੀ ਰਫ਼ਤਾਰ ਹੋਰ ਤੇਜ਼ ਕਰ ਲਈ ਅਤੇ ਟੱਕਰ ਮਾਰ ਦਿੱਤੀ। ਮੋਟਰਸਾਈਕਲ ਦੀ ਟੱਕਰ ਨਾਲ ਹਰੀਸ਼ ਡਿੱਗ ਕੇ ਬੇਹੋਸ਼ ਹੋ ਗਿਆ।
ਉੱਥੇ ਹੀ ਨੌਜਵਾਨ ਵੀ ਡਿੱਗ ਗਏ ਅਤੇ ਮੋਟਰਸਾਈਕਲ ਛੱਡ ਕੇ ਭੱਜ ਗਏ। ਪੁਲਸ ਨੇ ਜ਼ਖ਼ਮੀ ਕਾਂਸਟੇਬਲ ਹਰੀਸ਼ ਨੂੰ ਜੀ. ਐੱਮ. ਸੀ. ਐੱਚ. ਸੈਕਟਰ-32 'ਚ ਦਾਖ਼ਲ ਕਰਵਾਇਆ ਸੀ। ਸੈਕਟਰ-34 ਥਾਣਾ ਪੁਲਸ ਨੇ ਕਾਂਸਟੇਬਲ ਰਾਜੇਸ਼ ਦੀ ਸ਼ਿਕਾਇਤ ’ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਕੇ ਮੋਟਰਸਾਈਕਲ ਚਾਲਕ ਯੁਵਰਾਜ ਅਤੇ ਉਸਦੇ ਪਿੱਛੇ ਬੈਠੇ ਨੌਜਵਾਨ ਚਿਰਾਗ ਨੂੰ ਗ੍ਰਿਫ਼ਤਾਰ ਕੀਤਾ ਸੀ।