ਸਕੂਲ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਪੰਜਾਬ ਨੇ ਸ਼ੁਰੂ ਕੀਤਾ ਆਨਲਾਈਨ ਤਬਾਦਲਾ ਪੋਰਟਲ
Tuesday, Oct 11, 2022 - 02:28 AM (IST)
ਲੁਧਿਆਣਾ (ਵਿੱਕੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਲਈ ਆਨਲਾਈਨ ਟ੍ਰਾਂਸਫਰ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਵਿਸ਼ੇਸ਼ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਪ੍ਰਾਇਮਰੀ ਵਿੰਗ ਨਾਲ ਸਬੰਧਤ ਜੋ ਅਧਿਆਪਕ/ਐਜੂਕੇਸ਼ਨ ਪ੍ਰੋਵਾਈਡਰ/ਏ. ਆਈ. ਈ./ਐੱਸ. ਟੀ. ਆਰ. ਵਾਲੰਟੀਅਰ ਪਾਲਿਸੀ ਵਿਚ ਕਵਰ ਹੁੰਦੇ ਹਨ ਅਤੇ ਟ੍ਰਾਂਸਫਰ ਕਰਵਾਉਣਾ ਚਾਹੁੰਦੇ ਹਨ, ਉਹ ਆਪਣੇ ਵੇਰਵੇ ਜਨਰਲ ਡਿਟੇਲਸ, ਰਿਜ਼ਲਟ, ਸਰਵਿਸ ਰਿਕਾਰਡ 13 ਅਕਤੂਬਰ ਤੱਕ ਈ-ਪੰਜਾਬ ਪੋਰਟਲ ’ਤੇ ਆਪਣੀ ਲਾਗਇਨ ਆਈ. ਡੀ. ਵਿਚ ਲਾਗ ਇਨ ਕਰ ਕੇ ਭਰ ਸਕਦੇ ਹਨ। ਇਹ ਵੇਰਵੇ ਕੇਵਲ ਆਨਲਾਈਨ ਹੀ ਭਰੇ ਜਾ ਸਕਦੇ ਹਨ। ਇਨ੍ਹਾਂ ਨਿਰਦੇਸ਼ਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਅਧਿਆਪਕ/ਐਜੂਕੇਸ਼ਨ ਪ੍ਰੋਵਾਈਡਰ/ਏ. ਆਈ. ਈ./ਐੱਸ. ਟੀ. ਆਰ. ਵਾਲੰਟੀਅਰਾਂ ਵੱਲੋਂ ਜਿਨ੍ਹਾਂ ਨੇ ਵੱਖ/ਵੱਖ ਜ਼ੋਨਾਂ ’ਚ ਸੇਵਾ ਕੀਤੀ ਹੈ, ਉਹ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਉਨ੍ਹਾਂ ਵੱਲੋਂ ਵੱਖ-ਵੱਖ ਜ਼ੋਨਾਂ ਵਿਚ ਕੀਤੀ ਗਈ ਸੇਵਾ ਅਤੇ ਸਿੱਖਿਆ ਵਿਭਾਗ ’ਚ ਕੀਤੀ ਗਈ ਕੁੱਲ ਸੇਵਾ ਦੇ ਸਮੇਂ ’ਚ ਫਰਕ ਨਹੀਂ ਹੋਣਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਮਜ਼ਦੂਰਾਂ ਤੇ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਦਿੱਤਾ ਤੋਹਫ਼ਾ
ਜੇਕਰ ਕਿਸੇ ਕਾਰਨ ਵੱਸ ਫਰਕ ਹੈ ਤਾਂ ਉਹ ਇਸ ਸਬੰਧੀ ਰਿਮਾਰਕਸ ਦੇਣਗੇ। ਰਿਮਾਰਕਸ ’ਚ ਠੋਸ ਕਾਰਨ ਨਾ ਹੋਣ ਦੀ ਸੂਰਤ ਵਿਚ ਸਬੰਧਤ ਟ੍ਰਾਂਸਫਰ ਲਈ ਵਿਚਾਰ ਨਹੀਂ ਕੀਤਾ ਜਾਵੇਗਾ। ਡਾਟਾ ਅਪਰੂਵ ਕਰਨ ਦੀ ਆਖਰੀ ਤਰੀਕ 13 ਅਕਤੂਬਰ ਹੈ। ਇਸ ਤਰੀਕ ਤੱਕ ਬਿਨੈਕਰਤਾ ਜਿੰਨੀ ਵਾਰ ਚਾਹੇ, ਓਨੀ ਵਾਰ ਡਾਟਾ ਐਡਿਟ ਕਰ ਸਕਦਾ ਹੈ ਪਰ 13 ਅਕਤੂਬਰ ਤੋਂ ਬਾਅਦ ਡਾਟਾ ’ਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕੇਗੀ। ਅੱਧੇ ਅਧੂਰੇ ਵੇਰਵੇ ਵਾਲੀਆਂ ਅਰਜ਼ੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਸਪੈਸ਼ਲ ਕੈਟਾਗਰੀ ਨਾਲ ਸਬੰਧਤ ਮੁਲਾਜ਼ਮ ਨੂੰ ਸਾਰੇ ਦਸਤਾਵੇਜ਼ ਮੁਹੱਈਆ ਕਰਵਾਉਣੇ ਹੋਣਗੇ। ਅਜਿਹਾ ਨਾ ਕਰਨ ਦੀ ਹਾਲਤ ’ਚ ਟ੍ਰਾਂਸਫਰ ਐਪਲੀਕੇਸ਼ਨ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਸਹੀ ਅਰਜ਼ੀ ਦੇਣ ਵਾਲਿਆਂ ਨੂੰ ਮਿਲੇਗਾ ਸਟੇਸ਼ਨ ਚੁਆਇਸ ਦਾ ਮੌਕਾ
ਜਿਨ੍ਹਾਂ ਮੁਲਾਜ਼ਮਾਂ ਦੀਆਂ ਅਰਜ਼ੀਆਂ ਸਹੀ ਪਾਈਆਂ ਜਾਣਗੀਆਂ, ਉਨ੍ਹਾਂ ਤੋਂ ਸਟੇਸ਼ਨ ਚੁਆਇਸ ਲਈ ਜਾਵੇਗੀ। ਵੱਖ-ਵੱਖ ਪੜਾਅ ਹੋਣ ਵਾਲੀ ਟ੍ਰਾਂਸਫਰ ਲਈ ਵਾਰ-ਵਾਰ ਡਾਟਾ ਨਹੀਂ ਭਰਵਾਇਆ ਜਾਵੇਗਾ। ਇਸ ਡਾਟਾ ਅਤੇ ਸਟੇਸ਼ਨ ਚੁਆਇਸ ਦੇ ਆਧਾਰ ’ਤੇ ਹੀ ਵੱਖ-ਵੱਖ ਪੜਾਵਾਂ ’ਚ ਬਦਲੀਆਂ ਪਾਲਿਸੀ ਮੁਤਾਬਕ ਕੀਤੀਆਂ ਜਾਣਗੀਆਂ। ਸਟੇਸ਼ਨ ਚੁਆਇਸ ਲੈਣ ਲਈ ਵੱਖਰੇ ਤੌਰ ’ਤੇ ਜਨਤਕ ਸੂਚਨਾ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ। ਕਿਸੇ ਵੀ ਕੈਟਾਗਰੀ ਤਹਿਤ ਕੀਤੀ ਜਾਣ ਵਾਲੀ ਟ੍ਰਾਂਸਫਰ ਸਿਰਫ ਆਨਲਾਈਨ ਜ਼ਰੀਏ ਈ-ਪੰਜਾਬ ਪੋਰਟਲ ’ਤੇ ਹੀ ਪ੍ਰਾਪਤ ਕੀਤੀ ਜਾਵੇਗੀ। ਆਫਲਾਈਨ ਪ੍ਰਾਪਤ ਹੋਈਆਂ ਅਰਜ਼ੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਟ੍ਰਾਂਸਫਰ ਲਈ ਪਹਿਲਾਂ ਭਰੇ ਗਏ ਡਾਟਾ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬਦਲੀ ਲਈ ਸਾਲ 2020-21 ਦੀ ਏ. ਸੀ. ਆਰ. ਦੇਖੀ ਜਾਵੇਗੀ। ਜੇਕਰ ਪ੍ਰਾਇਮਰੀ ਵਿੰਗ ਨਾਲ ਸਬੰਧਤ ਅਧਿਆਪਕ/ਐਜੂਕੇਸ਼ਨ ਪ੍ਰੋਵਾਈਡਰ/ਏ. ਆਈ. ਈ./ਐੱਸ. ਟੀ. ਆਰ. ਵਾਲੰਟੀਅਰਾਂ ਦੀ ਬਦਲੀ ਲਈ ਆਨਲਾਈਨ ਅਪਲਾਈ ਕਰਨ ’ਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਜ਼ਿਲ੍ਹੇ ਦੇ ਐੱਮ. ਆਈ. ਐੱਸ. ਕੋ-ਆਰਡੀਨੇਟਰ ਤੋਂ ਮਦਦ ਲੈ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਹੁਣ ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ ’ਤੇ ਆਏਗਾ SMS, ਅਕਾਲੀ ਦਲ ’ਚ ਫਿਰ ਉੱਠੀ ਬਗਾਵਤ, ਪੜ੍ਹੋ Top 10