ਵਿਆਹ ਸਮਾਗਮ ਤੋਂ ਪਰਤ ਰਹੇ ਪਤੀ-ਪਤਨੀ ਨਾਲ ਵਾਪਰਿਆ ਭਾਣਾ, ਖੜ੍ਹੇ ਟਰਾਲੇ 'ਚ ਵੱਜੀ ਕਾਰ
Tuesday, Feb 21, 2023 - 09:28 PM (IST)
ਬੀਜਾ (ਬਿਪਨ/ਬੈਨੀਪਾਲ) : ਬੀਜਾ ਨੇੜੇ ਖੜ੍ਹੇ ਟਰਾਲੇ 'ਚ ਸਵਿਫ਼ਟ ਕਾਰ ਵੱਜਣ ਕਾਰਨ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਤੀ-ਪਤਨੀ ਵਿਆਹ ਸਮਾਗਮ ਤੋਂ ਵਾਪਸ ਘਰ ਆ ਰਹੇ ਸਨ। ਸਰਪੰਚ ਪਰਮਜੀਤ ਕੌਰ ਵਾਸੀ ਅਸਲਾਪੁਰ ਨੇ ਦੱਸਿਆ ਕਿ ਹਾਦਸੇ ਦੌਰਾਨ ਮਰਨ ਵਾਲੇ ਚਰਨਜੀਤ ਸਿੰਘ ਚਰਨੀਂ (50) ਅਤੇ ਉਸ ਦੀ ਪਤਨੀ ਗਿਆਨ ਕੌਰ (45) ਵਾਸੀ ਅਸਲਾਪੁਰ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਤੋਂ ਪਿੰਡ ਮਾਣਕ ਮਾਜਰਾ ਤੋਂ ਵਾਪਸ ਆ ਰਹੇ ਸਨ।
ਉਨ੍ਹਾਂ ਦੀ ਸਵਿਫ਼ਟ ਕਾਰ ਬੀਜਾ ਲਾਗੇ ਖੜ੍ਹੇ ਟਰਾਲੇ ਵਿੱਚ ਜਾ ਵੱਜੀ ਜਿਸ ਕਾਰਨ ਪਤੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾਗ੍ਰਸਤ ਕਾਰ ਦੇ ਪਿੱਛੇ ਆ ਰਹੇ ਹੈਲਥ ਵਰਕਰ ਕਰਮਜੀਤ ਸਿੰਘ ਵਾਸੀ ਅਲੂਣਾ ਮਿਆਨਾ ਨੇ ਦੱਸਿਆ ਕਿ ਕਾਰ ਮੇਨ ਜੀ.ਟੀ ਰੋਡ ਤੋਂ ਜਾਦੀਂ ਇੱਕਦਮ ਸਲਿੱਪ ਰੋਡ 'ਤੇ ਖੜ੍ਹੇ ਟਰਾਲੇ ਵਿੱਚ ਜਾ ਵੱਜੀ। ਉਸੇ ਵਕਤ ਦੋਵੇਂ ਪਤੀ ਪਤਨੀ ਨੂੰ ਹਾਦਸਾ ਗ੍ਰਸਤ ਕਾਰ ਵਿੱਚੋਂ ਬਾਹਰ ਕੱਢਿਆ ਜਿਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹਨਾਂ ਹਾਦਸਾ ਵਾਪਰਨ ਦਾ ਕਾਰਨ ਕਾਰ ਦੀਆਂ ਬਰੇਕਾਂ ਵਿੱਚ ਡੰਡਾ ਫਸਿਆ ਦੱਸਿਆ।
ਉਹਨਾਂ ਵੱਲੋਂ ਦੋਵਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਤੁਰੰਤ ਸਿਵਲ ਹਸਪਤਾਲ ਪਾਇਲ ਲਿਆਂਦਾ ਗਿਆ। ਘਟਨਾ ਦਾ ਪਤਾ ਲੱਗਣ 'ਤੇ ਪੱਤਰਕਾਰ ਸਿਵਲ ਹਸਪਤਾਲ ਪਾਇਲ ਪੁੱਜੇ ਜਿੱਥੇ ਕੋਈ ਵੀ ਐਮਰਜੈਂਸੀ ਸੇਵਾਵਾਂ ਦੇਣ ਲਈ ਡਾਕਟਰ ਹਾਜ਼ਰ ਨਹੀਂ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਚਰਨਜੀਤ ਸਿੰਘ ਚਰਨੀਂ ਕਿਸੇ ਕੇਸ ਵਿੱਚ ਜੇਲ੍ਹ 'ਚੋਂ ਪੈਰੋਲ 'ਤੇ ਆਇਆ ਹੋਇਆ ਸੀ। ਇਸ ਹਾਦਸੇ ਦੌਰਾਨ ਮਾਰੇ ਗਏ ਪਤੀ ਪਤਨੀ ਦੀ ਖ਼ਬਰ ਸੁਣ ਪਿੰਡ ਦੇ ਲੋਕ ਸਿਵਲ ਹਸਪਤਾਲ ਪੁੱਜ ਗਏ। ਘਟਨਾ ਸਥਾਨ ਤੇ ਚੌਂਕੀ ਕੋਟਾਂ ਦੇ ਇੰਚਾਰਜ ਜਗਦੀਪ ਸਿੰਘ, ਮੁਣਸ਼ੀ ਸੁਖਦੀਪ ਸਿੰਘ ਪੁਲਸ ਪਾਰਟੀ ਨਾਲ ਪੁੱਜੇ ਜਿਨ੍ਹਾਂ ਘਟਨਾ ਦਾ ਜਾਇਜ਼ਾ ਲੈਂਦਿਆਂ ਹਾਦਸੇ ਵਿੱਚ ਨੁਕਸਾਨੀ ਕਾਰ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਬੁਝਾਇਆ ਘਰ ਦਾ ਚਿਰਾਗ, 6 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ