5 ਦਿਨ ਪਹਿਲਾਂ ਕੈਨੇਡਾ ਗਏ ਪਤੀ ਨੇ ਚਾਕੂ ਮਾਰ ਕੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ, ਫ਼ਿਰ ਬਣਾਈ ਵੀਡੀਓ

03/18/2024 3:22:51 AM

ਹਠੂਰ (ਸਰਬਜੀਤ ਭੱਟੀ)- ਕੈਨੇਡਾ ਦੇ ਸ਼ਹਿਰ ਐਬਟਸਫੋਰਡ ਬੀ.ਸੀ. ਵਿਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲ੍ਹਾ ਦੀ ਜੰਮਪਲ ਕੁੜੀ ਦਾ ਉਸ ਦੇ ਪਤੀ ਵੱਲੋਂ ਹੀ ਚਾਕੂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਲੜਕੀ ਬਲਵਿੰਦਰ ਕੌਰ (41) ਦੇ ਪਿਤਾ ਹਿੰਮਤ ਸਿੰਘ ਵਾਸੀ ਮੱਲ੍ਹਾ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਸੰਨ 2000 ਵਿਚ ਲੁਧਿਆਣਾ ਦੇ ਪੱਖੋਵਾਲ ਰੋਡ ਦੇ ਵਾਸੀ ਜਗਪ੍ਰੀਤ ਸਿੰਘ ਉਰਫ ਰਾਜੂ ਨਾਲ ਕੀਤਾ ਸੀ। 

ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਦਾਜ ਦਹੇਜ ਦੀ ਮੰਗ ਕਰਦਾ ਰਿਹਾ ਅਤੇ ਕਈ ਵਾਰ ਉਸਦੀ ਧੀ ਦੀ ਕੁੱਟਮਾਰ ਵੀ ਕੀਤੀ ਗਈ। ਲੜਕੀ ਦੇ ਪਿਤਾ ਹਿੰਮਤ ਸਿੰਘ ਨੇ ਕਿਹਾ ਕਿ ਉਹ ਚਾਰ ਧੀਆਂ ਦਾ ਬਾਪ ਹੈ, ਜਿਸ ਕਰਕੇ ਉਹ ਮਜਬੂਰਨ ਧੀ ਦੇ ਸਹੁਰਾ ਪਰਿਵਾਰ ਖਿਲਾਫ ਕੋਈ ਕਾਰਵਾਈ ਨਾ ਕਰਵਾ ਸਕਿਆ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਕੁੱਖੋਂ ਹਰਨੂਰਪ੍ਰੀਤ ਕੌਰ ਤੇ ਗੁਰਨੂਰ ਸਿੰਘ ਦੋ ਬੱਚਿਆਂ ਨੇ ਜਨਮ ਲਿਆ ਹੈ ਅਤੇ ਉਸ ਨੇ ਹੀ ਆਪਣੀ ਦੋਹਤੀ ਹਰਨੂਰਪ੍ਰੀਤ ਕੌਰ ਨੂੰ ਆਈਲੈਟਸ ਕਰਵਾ ਕੇ ਸੰਨ 2020 ਵਿਚ ਕੈਨੇਡਾ ਪੜ੍ਹਨ ਲਈ ਭੇਜਿਆ ਸੀ। 

ਇਹ ਵੀ ਪੜ੍ਹੋ- ਕਿਸਾਨੀ ਸੰਘਰਸ਼ 'ਚ ਗਏ ਇਕ ਹੋਰ ਕਿਸਾਨ ਦੀ ਹੋਈ ਮੌਤ, 10 ਦਿਨ ਪਹਿਲਾਂ ਖਨੌਰੀ ਬਾਰਡਰ 'ਤੇ ਗਿਆ ਸੀ ਟਹਿਲ ਸਿੰਘ

ਜਨਵਰੀ 2022 ਵਿਚ ਬਲਵਿੰਦਰ ਕੌਰ ਆਪਣੀ ਧੀ ਨੂੰ ਮਿਲਣ ਲਈ ਵਿਜ਼ਿਟਰ ਵੀਜ਼ੇ 'ਤੇ ਕੈਨੇਡਾ ਗਈ ਸੀ। ਇਸ ਦੌਰਾਨ ਉਸ ਦਾ ਜਵਾਈ ਜਗਪ੍ਰੀਤ ਸਿੰਘ ਉਰਫ ਰਾਜੂ ਉਸ ਦੀ ਧੀ ਨੂੰ ਵਾਰ-ਵਾਰ ਫੋਨ ਕਰਕੇ ਉਸ ਨੂੰ ਵੀ ਜਲਦੀ ਕੈਨੇਡਾ ਬੁਲਾਉਣ ਦੀ ਜ਼ਿੱਦ ਕਰਨ ਲੱਗਾ। ਜ਼ਿਦ ਕਾਰਨ ਉਸ ਦੀ ਦੋਹਤੀ ਹਰਨੂਰਪ੍ਰੀਤ ਨੇ ਆਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਹਫਤਾ ਪਹਿਲਾਂ 11 ਮਾਰਚ 2024 ਨੂੰ ਕੈਨੇਡਾ ਬੁਲਾ ਲਿਆ, ਪਰ ਉਸ ਬੇਦਰਦ ਨੇ ਕੈਨੇਡਾ ਪਹੁੰਚਣ ਤੋਂ ਸਿਰਫ ਪੰਜ ਦਿਨ ਬਾਅਦ ਹੀ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਇਹੀ ਨਹੀਂ, ਇਸ ਕੰਮ ਦੀ ਵੀਡੀਓ ਬਣਾ ਕੇ ਜਗਪ੍ਰੀਤ ਸਿੰਘ ਨੇ ਆਪਣੀ ਮਾਤਾ ਨੂੰ ਲੁਧਿਆਣਾ ਵਿਖੇ ਭੇਜ ਦਿੱਤੀ। ਇਹ ਵੀਡੀਓ ਜਦ ਉਸ ਦੇ ਦੋਹਤੇ ਗੁਰਨੂਰ ਸਿੰਘ (18) ਨੇ ਦੇਖੀ ਤਾਂ ਉਸ ਨੇ ਆਪਣੀ ਮਾਂ ਦੇ ਕਤਲ ਦੀ ਖਬਰ ਰਿਸ਼ਤੇਦਾਰਾਂ ਨੂੰ ਦਿੱਤੀ। ਬੇਵੱਸ ਪਿਤਾ ਹਿੰਮਤ ਸਿੰਘ ਨੇ ਰੋਂਦੇ-ਕੁਰਲਾਉਂਦੇ ਦੱਸਿਆ ਕਿ ਬਲਵਿੰਦਰ ਕੌਰ ਦੇ ਕਾਤਲ ਜਗਪ੍ਰੀਤ ਸਿੰਘ ਨੂੰ ਕੈਨੇਡਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ- ਮੂਸੇਵਾਲਾ ਦੀ ਹਵੇਲੀ 'ਚ ਮੁੜ ਆਈ 'ਸ਼ੁੱਭ' ਘੜੀ, ਛੋਟੇ ਸਿੱਧੂ ਦੇ ਜਨਮ 'ਤੇ ਪ੍ਰਸ਼ੰਸਕਾਂ ਤੋਂ ਨਹੀਂ ਸਾਂਭੀ ਜਾਂਦੀ ਖੁਸ਼ੀ 

ਇਸ ਦੁਖ਼ਦਾਈ ਖ਼ਬਰ ਨਾਲ ਹਰ ਸੁਣਨ ਵਾਲੇ ਦਾ ਹਿਰਦਾ ਵਲੂੰਧਰਿਆ ਗਿਆ ਹੈ ਅਤੇ ਕਰੀਬੀ ਰਿਸ਼ਤੇਦਾਰ ਕਮਿੱਕਰ ਸਿੰਘ ਬ੍ਰਹਮਪੁਰ, ਜਗਪਾਲ ਸਿੰਘ, ਰਾਜਵਿੰਦਰ ਕੌਰ, ਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਹਰਬੰਸ ਸਿੰਘ ਮੱਲ੍ਹਾ, ਨਛੱਤਰ ਸਿੰਘ ਸਰਾਂ, ਪੰਚ ਸੁਖਵਿੰਦਰ ਸਿੰਘ, ਅਜੈਬ ਸਿੰਘ ਅਤੇ ਪਿੰਡ ਵਾਸੀਆਂ ਨੇ ਕੈਨੇਡਾ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਾਤਲ ਜਗਪ੍ਰੀਤ ਸਿੰਘ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਬਲਵਿੰਦਰ ਕੌਰ ਦੀ ਲਾਸ਼ ਨੂੰ ਪਿੰਡ ਮੱਲ੍ਹਾ ਵਿਖੇ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂ ਕਿ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News