ਬੱਚਾ ਨਾ ਹੋਣ ''ਤੇ ਪਤੀ ਨੇ ਕੀਤਾ ਪਤਨੀ ਦਾ ਕਤਲ

Tuesday, Sep 10, 2019 - 08:18 PM (IST)

ਲੁਧਿਆਣਾ,(ਰਿਸ਼ੀ): ਵਿਆਹ ਦੇ 5 ਸਾਲਾਂ ਬਾਅਦ ਵੀ ਬੱਚਾ ਨਾ ਹੋਣ 'ਤੇ ਪਤੀ ਵਲੋਂ ਪਤਨੀ ਦਾ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੰਨਾ ਹੀ ਨਹੀਂ ਪਤੀ ਵਲੋਂ ਪਤਨੀ ਦੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਨ ਲਈ ਕਤਲ ਨੂੰ ਖੁਦਕੁਸ਼ੀ ਦਾ ਰੂਪ ਵੀ ਦਿੱਤਾ ਗਿਆ। ਪਹਿਲਾ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕੀਤੀ, ਪਰ ਰਿਸ਼ਤੇਦਾਰਾਂ ਦੇ ਯੂ.ਪੀ ਤੋਂ ਆਉਣ ਦੇ ਬਾਅਦ ਪੁਲਸ ਨੇ ਦਾਜ ਖਾਤਰ ਕਤਲ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰਕੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਚੌਂਕੀ ਜਨਕਪੁਰੀ ਦੇ ਇੰਚਾਰਜ ਏ. ਐੱਸ. ਆਈ ਰਾਜਵੰਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਪਛਾਣ ਜਗਦੰਬੇ 28 ਦੇ ਰੂਪ 'ਚ ਹੋਈ ਹੈ। ਜੋ ਪ੍ਰਾਈਵੇਟ ਨੌਕਰੀ ਕਰਦਾ ਹੈ। ਪੁਲਸ ਨੇ ਉਸ ਖਿਲਾਫ ਉਸ ਦੀ ਸੱਸ ਕੁਸੁਮਾ ਦੇਵੀ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਕੁਸੁਮਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਆਸ਼ੂ ਦਾ ਵਿਆਹ ਲਗਭਗ 5 ਸਾਲ ਪਹਿਲਾਂ ਉਕਤ ਦੋਸ਼ੀ ਜਗਦੰਬੇ ਨਾਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਵਲੋਂ ਉਨ੍ਹਾਂ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਆਪਣੀ ਬੇਟੀ ਨੂੰ ਆਪਣੇ ਘਰ ਲੈ ਗਏ। ਇਸ ਦੇ ਬਾਵਜੂਦ ਕਈ ਵਾਰ ਉਕਤ ਦੋਸ਼ੀ ਨੇ ਮੁਆਫੀ ਮੰਗੀ ਤੇ ਬੇਟੀ ਨੂੰ ਦੁਬਾਰਾ ਆਪਣੇ ਘਰ ਲੈ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੇ ਕੋਈ ਬੱਚਾ ਨਹੀਂ ਸੀ, ਜਿਸ ਕਾਰਨ ਦੋਸ਼ੀ ਵਲੋਂ ਉਸ ਨੂੰ ਕਾਫੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਬੀਤੀ 30 ਅਗਸਤ ਨੂੰ ਉਨ੍ਹਾਂ ਨੇ ਆਪਣੀ ਬੇਟੀ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਜਦ ਜਵਾਈ ਦੇ ਨੰਬਰ 'ਤੇ ਫੋਨ ਕੀਤਾ ਤਾਂ ਉਸ ਨੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੀ ਬੇਟੀ ਵਲੋਂ ਖੁਦਕੁਸ਼ੀ ਕਰ ਲਏ ਜਾਣ ਦੀ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ ਜਵਾਈ ਨੇ ਪੋਸਟਮਾਟਰਮ ਦੇ ਬਾਅਦ ਲਾਸ਼ ਲੈ ਕੇ ਉਨਾਂ ਦੇ ਕੋਲ ਯੂ. ਪੀ ਆਉਣ ਦੀ ਗੱਲ ਕਹੀ ਤੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰ ਦਿੱਤਾ। ਜਿਸ ਉਪਰੰਤ ਉਸ ਨੇ ਯੂ. ਪੀ ਲਾਸ਼ ਲੈ ਜਾਣ ਦੇ ਬਹਾਨੇ ਰਿਸ਼ਤੇਦਾਰਾਂ ਦੇ ਬਿਨਾ ਪਤਨੀ ਦਾ ਸਸਕਾਰ ਕਰ ਦਿੱਤਾ। ਜਿਸ ਕਾਰਨ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਲੁਧਿਆਣਾ ਪੁਲਸ ਨੂੰ ਉਕਤ ਘਟਨਾ ਦੀ ਸ਼ਿਕਾਇਤ ਦਿੱਤੀ।

ਪੁਲਸ ਮੁਤਾਬਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਤੋਂ ਮਹਿਲਾ ਦੀ ਮੌਤ ਦਾ ਕਾਰਨ ਸਪੱਸ਼ਟ ਕੀਤਾ ਜਾ ਰਿਹਾ ਹੈ। ਉਥੇ ਹੀ ਪੁਲਸ ਨੇ ਦੱਸਿਆ ਕਿ ਜਿਸ ਕਮਰੇ 'ਚ ਫਾਹ ਲੈ ਕੇ ਖੁਦਕੁਸ਼ੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਕੋਈ ਵੀ ਅਜਿਹਾ ਸਥਾਨ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਜਾ ਸਕੇ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


Related News