ਆਸ਼ਾ ਵਰਕਰ ਦਾ ਕੰਮ ਕਰਨ ਤੋਂ ਪਤੀ ਨੇ ਕੀਤਾ ਪਤਨੀ ਨੂੰ ਮਨ੍ਹਾ, ਗੱਲ ਨਾ ਮੰਨਣ ''ਤੇ ਕੀਤੀ ਬੇਰਹਿਮੀ ਨਾਲ ਕੁੱਟਮਾਰ
Monday, Sep 18, 2017 - 07:39 PM (IST)
ਕਪੂਰਥਲਾ(ਮਲਹੋਤਰਾ)— ਆਸ਼ਾ ਵਰਕਰ ਦਾ ਕੰਮ ਕਰਨ ਤੋਂ ਰੋਕਣ ਦੇ ਬਾਵਜੂਦ ਪਤੀ ਦੀ ਗੱਲ ਨਾ ਮੰਨਣ ਕਰਕੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਆਪਣਾ ਇਲਾਜ ਕਰਵਾ ਰਹੀ ਮੱਧੂ ਪਤਨੀ ਸ਼ੰਭੂ ਮਹਿਤਾ ਨਿਵਾਸੀ ਨਜ਼ਦੀਕ ਕਰਤਾਰਪੁਰ ਚੌਂਕੀ ਕਪੂਰਥਲਾ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਵਿਖੇ ਆਸ਼ਾ ਵਰਕਰ ਦਾ ਕੰਮ ਕਰਦੀ ਹੈ। ਉਸ ਦਾ ਪਤੀ ਉਸ ਨੂੰ ਕੰਮ ਕਰਨ ਤੋਂ ਰੋਕਦਾ ਹੈ ਅਤੇ ਉਸ ਨਾਲ ਕੁੱਟਮਾਰ ਕਰਦਾ ਹੈ। ਜਿਸ 'ਤੇ ਪਿਛਲੇ ਸਮੇਂ ਦੌਰਾਨ ਪਤੀ ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਉਹ ਚੰਡੀਗੜ੍ਹ ਦੇ ਨਜ਼ਦੀਕ ਆਪਣੇ ਰਿਸ਼ਤੇਦਾਰਾਂ ਕੋਲ ਚਲੀ ਗਈ। ਕੁਝ ਦਿਨ ਉਥੇ ਰਹਿਣ ਤੋਂ ਬਾਅਦ ਉਸ ਦੇ ਪਤੀ ਸ਼ੰਭੂ ਨੇ ਉਸ ਦੇ ਰਿਸ਼ਤੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਆਸ਼ਾ ਵਰਕਰ ਦਾ ਕੰਮ ਕਰਨ ਦੇਵੇਗਾ ਅਤੇ ਕਲੇਸ਼ ਨਹੀਂ ਪਾਵੇਗਾ।
ਪੀੜਤਾ ਨੇ ਦੱਸਿਆ ਸੋਮਵਾਰ ਨੂੰ ਜਦੋਂ ਉਹ ਕੰਮ 'ਤੇ ਜਾਣ ਲੱਗੀ ਤਾਂ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕਮਰੇ 'ਚ ਬੰਦ ਕਰਕੇ ਚਲਾ ਗਿਆ। ਬਾਅਦ 'ਚ ਗੋਆਂਢੀਆ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧ 'ਚ ਦੂਜੇ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
