ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਗੁਰਾਇਆ ਵਾਸੀ ਪਤੀ-ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ

Monday, Mar 27, 2023 - 10:34 PM (IST)

ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਗੁਰਾਇਆ ਵਾਸੀ ਪਤੀ-ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ

ਗੁਰਾਇਆ (ਮੁਨੀਸ਼) : ਜਲੰਧਰ ਜ਼ਿਲ੍ਹੇ ਦੇ ਹਲਕਾ ਫਿਲੌਰ ਦੇ ਦੋ ਪਿੰਡਾਂ ਮਹਿਸਮਪੁਰ ਅਤੇ ਚਚਰਾੜੀ ਤੋਂ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ, ਜਿੱਥੋਂ ਦੇ ਇਕ ਨੌਜਵਾਨ ਅਤੇ ਉਸਦੀ ਪਤਨੀ ਦਾ ਵਿਦੇਸ਼ ਵਿੱਚ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਖ਼ਬਰ ਮਿਲਦੇ ਹੀ ਇਲਾਕੇ ’ਚ ਸੋਕ ਪਸਰ ਗਿਆ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਬਿੰਦਾ (41) ਸਾਲ ਪੁੱਤਰ ਸੰਤੋਖ ਸਿੰਘ ਤੇ ਉਸ ਦੀ ਪਤਨੀ ਕਿਰਨਦੀਪ ਕੌਰ (33) ਪੁੱਤਰੀ ਗੁਰਦਾਵਰ ਸਿੰਘ ਲੰਬੜਦਾਰ ਵਾਸੀ ਪਿੰਡ ਚਚਰਾੜੀ ਜ਼ਿਲ੍ਹਾ ਜਲੰਧਰ ਦਾ ਮਨੀਲਾ ਵਿਖੇ 25 ਮਾਰਚ ਰਾਤ ਨੂੰ ਉਨ੍ਹਾਂ ਦੇ ਘਰ ਅੰਦਰ ਹੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਦੇ ਵੱਡੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਪਰਤਿਆ ਹੈ।

PunjabKesari

PunjabKesari

ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਵਿੱਚ ਆਈ ਵੀਡੀਓ ਤੋਂ ਪਤਾ ਲੱਗਾ ਕਿ ਇਕ ਕਾਤਲ ਉਨ੍ਹਾਂ ਦੇ ਮਨੀਲਾ ਵਿਖੇ ਸਥਿਤ ਘਰ ਵਿੱਚ ਸ਼ਨੀਵਾਰ ਰਾਤ ਕਰੀਬ 10 ਵਜੇ ਦਾਖ਼ਲ ਹੋਇਆ ਤੇ ਉਸ ਦੇ ਭਰਾ ਦੇ 3 ਗੋਲ਼ੀਆਂ ਮਾਰੀਆਂ, ਇਸ ਤੋਂ ਬਾਅਦ ਉਸ ਦੀ ਪਤਨੀ ਕਿਰਨਦੀਪ ਕੌਰ, ਜੋ ਕਿ ਗੋਲ਼ੀ ਦੀ ਆਵਾਜ਼ ਸੁਣ ਕੇ ਬਾਹਰ ਆਈ, ਉਸਦੇ ਵੀ ਦੋ ਗੋਲ਼ੀਆਂ ਮਾਰ ਦਿੱਤੀਆਂ। ਮ੍ਰਿਤਕ ਸੁਖਵਿੰਦਰ ਸਿੰਘ ਪਿਛਲੇ ਕਰੀਬ 19 ਸਾਲਾਂ ਤੋਂ ਮਨੀਲਾ ਵਿਖੇ ਫਾਈਨਾਂਸ ਦਾ ਕਾਰੋਬਾਰ ਕਰ ਰਹੇ ਸਨ। ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਅਜੇ ਪੰਜ ਮਹੀਨੇ ਪਹਿਲਾਂ ਹੀ ਮਨੀਲਾ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੌਤ ਦਾ ਪਤਾ ਐਤਵਾਰ ਨੂੰ ਲੱਗਾ, ਜਦੋਂ ਉਨ੍ਹਾਂ ਦੇ ਘਰ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਮੁੰਡਾ ਗਿਆ ਤਾਂ ਦੇਖਿਆ ਕਿ ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਪਈਆਂ ਹਨ। ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।

PunjabKesari

ਉੱਧਰ ਕਿਰਨਦੀਪ ਕੌਰ ਦੇ ਪੇਕੇ ਪਿੰਡ ਚਚਰਾੜੀ ਵਿਖੇ ਵੀ ਸੋਕ ਪਸਰਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਗੁਰਦਾਵਰ ਸਿੰਘ ਲੰਬੜਦਾਰ ਨੇ ਦੱਸਿਆ ਕਿ ਉਸ ਦੀ ਬੱਚੀ ਦੇ ਵਿਆਹ ਨੂੰ ਤਿੰਨ ਸਾਲ ਹੋਏ ਸਨ। ਉਨ੍ਹਾਂ ਨੂੰ ਕੱਲ੍ਹ ਬਾਅਦ ਦੁਪਹਿਰ ਇਸ ਘਟਨਾ ਬਾਰੇ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਵਾਈ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਕਈ ਘੰਟੇ ਉਨ੍ਹਾਂ ਦੇ ਧੀ-ਜਵਾਈ ਦੀਆਂ ਲਾਸ਼ਾਂ ਪਈਆਂ ਰਹਿਣ ਕਾਰਨ ਖਰਾਬ ਹੋ ਗਈਆਂ ਹਨ। ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਮਨੀਲਾ ’ਚ ਹੀ ਦੋਨਾਂ ਦਾ ਮੰਗਲਵਾਰ ਨੂੰ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਦੇ ਕਾਤਲ ਨੂੰ ਸਜ਼ਾ ਦਿਵਾਈ ਜਾਵੇ।

ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਕਿਸਾਨਾਂ ਲਈ ਅਹਿਮ ਐਲਾਨ, ਅਨੇਕਾਂ ਨੀਲੇ ਕਾਰਡ ਧਾਰਕਾਂ ਨੂੰ ਲੱਗੇਗਾ ਝਟਕਾ, ਪੜ੍ਹੋ Top10


author

Mandeep Singh

Content Editor

Related News