ਸੈਂਕੜੇ ਭਾਜਪਾਈਆਂ ਨੇ ਕੱਢਿਆ ਰੋਸ ਮਾਰਚ

Sunday, Dec 17, 2017 - 08:07 AM (IST)

ਜਲੰਧਰ, (ਪਾਹਵਾ)—ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ 'ਤੇ ਪਰਚਾ ਦਰਜ ਕੀਤੇ ਜਾਣ ਵਿਰੁੱਧ ਪਾਰਟੀ ਨੇ ਸ਼ਨੀਵਾਰ ਜ਼ਿਲਾ ਪੁਲਸ ਪ੍ਰਸ਼ਾਸਨ ਅਤੇ ਸੱਤਾ ਧਿਰ ਵਿਰੁੱਧ ਰੋਸ ਮਾਰਚ ਕੱਢਿਆ। ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਆਗੂਆਂ ਨੇ ਧਾਰਾ 144 ਲਾਗੂ ਹੋਣ ਦੇ ਬਾਵਜੂਦ 2 ਕਿਲੋਮੀਟਰ ਤੱਕ ਇਹ ਮਾਰਚ ਕੱਢਿਆ ਪਰ ਪੁਲਸ ਨੇ ਨਾ ਉਨ੍ਹਾਂ ਨੂੰ ਰੋਕਿਆ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਮਾਰਚ ਵਿਚ ਕੋਈ ਰੁਕਾਵਟ ਪੈਦਾ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। 
ਭਾਜਪਾ ਆਗੂਆਂ ਨੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਮੰਗ-ਪੱਤਰ ਸੌਂਪ ਕੇ ਮਾਮਲੇ ਵਿਚ ਪੁਲਸ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇ। ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੇ ਕਿਹਾ ਕਿ ਵਾਰਡ ਨੰਬਰ 78 ਵਿਚ ਭਾਜਪਾ ਦੇ ਉਮੀਦਵਾਰ ਰਵੀ ਮਹਿੰਦਰੂ ਅਤੇ ਹੋਰਨਾਂ 'ਤੇ ਕਾਂਗਰਸੀਆਂ ਨੇ ਪਹਿਲਾਂ ਹਮਲਾ ਕੀਤਾ। ਜਦੋਂ ਭਾਜਪਾ ਦੇ ਲੋਕ ਪੁਲਸ ਥਾਣੇ ਵਿਚ ਸ਼ਿਕਾਇਤ ਕਰਨ ਗਏ ਤਾਂ ਪੁਲਸ ਨੇ ਉਲਟਾ ਰਮੇਸ਼ ਸ਼ਰਮਾ, ਵਿਧਾਇਕ ਦੀ ਚੋਣ ਲੜ ਚੁੱਕੇ ਮਹਿੰਦਰ ਭਗਤ ਅਤੇ ਸ਼ੀਤਲ ਅੰਗੁਰਾਲ, ਅਮਿਤ ਤਨੇਜਾ, ਰੋਬਿਨ ਸਾਂਪਲਾ, ਕਮਲ ਸ਼ਰਮਾ, ਰਵੀ ਮਹਿੰਦਰੂ, ਪ੍ਰਦੀਪ ਖੁੱਲਰ, ਆਸ਼ੂ ਮਹਿੰਦਰੂ, ਮੁਕੇਸ਼ ਮਹਿੰਦਰੂ, ਸੌਰਭ ਸੇਠ, ਧੀਰਜ ਭਗਤ, ਕਮਲ ਸ਼ਰਮਾ, ਵਿਨੀਤ ਧੀਰ ਅਤੇ ਹੋਰਨਾਂ ਭਾਜਪਾ ਵਰਕਰਾਂ ਵਿਰੁੱਧ ਮਾਮਲਾ ਦਰਜ ਕੀਤਾ।
ਸ਼ਰਮਾ ਨੇ ਕਿਹਾ ਕਿ ਲੋਕਰਾਜ ਦਾ ਕਤਲ ਕੀਤਾ ਗਿਆ ਹੈ। ਕਾਂਗਰਸ ਸਰਕਾਰ ਦੇ ਦਬਾਅ ਹੇਠ ਪੁਲਸ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਦਬਾਅ ਹੇਠ ਗੈਰ-ਕਾਨੂੰਨੀ ਢੰਗ ਨਾਲ ਮਾਮਲਾ ਦਰਜ ਕੀਤਾ ਗਿਆ ਹੈ। ਰਮੇਸ਼ ਸ਼ਰਮਾ ਨੇ ਕਿਹਾ ਕਿ ਇਹ ਸੰਦੇਸ਼ ਗਿਆ ਹੈ ਕਿ ਪੰਜਾਬ ਪੁਲਸ ਕਾਂਗਰਸ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ। ਲੋਕ ਕਾਂਗਰਸ ਸਰਕਾਰ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ। ਭਾਜਪਾ ਆਗੂਆਂ ਵਿਰੁੱਧ ਧਾਰਾ 143, 149, 186 ਅਤੇ 505 ਅਧੀਨ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਬਿਲਕੁਲ ਝੂਠਾ ਹੈ। ਸੱਚਾਈ ਇਹ ਹੈ ਕਿ ਪਰਚਾ ਕਾਂਗਰਸੀ ਨੇਤਾਵਾਂ ਵਿਰੁੱਧ ਦਰਜ ਕੀਤਾ ਜਾਣਾ ਚਾਹੀਦਾ ਸੀ।  ਰੋਸ ਮਾਰਚ ਦੌਰਾਨ ਭਾਜਪਾ ਨੇਤਾਵਾਂ ਨੇ ਪੁਲਸ ਪ੍ਰਸ਼ਾਸਨ ਦੇ ਨਾਲ-ਨਾਲ ਕਾਂਗਰਸ ਪਾਰਟੀ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਰਾਜਪਾਲ ਦੇ ਨਾਂ ਦਿੱਤੇ ਮੰਗ-ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਭਾਜਪਾ ਨੇਤਾਵਾਂ 'ਤੇ ਝੂਠਾ ਪਰਚ ਦਰਜ ਕਰਨ ਵਾਲੇ ਅਤੇ ਕਾਂਗਰਸ ਏਜੰਟ ਬਣ ਕੇ ਕੰਮ ਕਰਨ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਏ। ਇਸ ਦੌਰਾਨ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ, ਨਰੇਸ਼, ਸੁਰਿੰਦਰ ਆਨੰਦ ਤੇ ਹੋਰ ਭਾਜਪਾ ਆਗੂ ਮੌਜੂਦ ਸਨ।
ਧਾਰਾ 144 ਤੋੜਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ : ਡੀ. ਸੀ.
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਧਾਰਾ 144 ਤੋੜ ਕੇ ਰੋਸ ਮਾਰਚ ਕੱਢਿਆ ਹੈ, ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਰੋਸ ਮਾਰਚ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ।


Related News