ਵੀਡੀਓ ਕਾਲ 'ਤੇ ਡਿਲਿਵਰੀ ਕਰਵਾਉਣ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ
Thursday, Dec 15, 2022 - 12:05 PM (IST)
ਚੰਡੀਗੜ੍ਹ (ਸ਼ਰਮਾ, ਵੈੱਬ ਡੈਸਕ) : ਬੀਤੇ ਦਿਨੀਂ ਮਾਨਸਾ ਦੇ ਸਿਵਲ ਹਸਪਤਾਲ 'ਚ ਡਾਕਟਰ ਵੱਲੋਂ ਵੀਡੀਓ ਕਾਲ 'ਤੇ ਡਿਲਿਵਰੀ ਕਰਵਾਉਣ 'ਤੇ ਮਾਂ ਤੇ ਬੱਚੇ ਦੀ ਮੌਤ ਹੋਣ ਦੇ ਮਾਮਲੇ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤ ਐਕਸ਼ਨ ਲੈਂਦਿਆਂ ਸਿਹਤ ਡਾਇਰੈਕਟਰ ਨੂੰ 30 ਜਨਵਰੀ ਤੋਂ ਪਹਿਲਾਂ ਰਿਪੋਰਟ ਦਰਜ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਹੁਕਮ ਦੀ ਇਕ ਕਾਪੀ ਸ਼ਿਕਾਇਤ ਦੀ ਕਾਪੀ ਦੇ ਨਾਲ ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ, ਚੰਡੀਗੜ੍ਹ ਨੂੰ ਈ-ਮੇਲ ਅਤੇ ਡਾਕ ਰਾਹੀਂ ਪਾਲਣਾ ਕਰਨ ਲਈ ਭੇਜਣ ਦੀ ਵੀ ਹਦਾਇਤ ਕੀਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੱਖ-ਵੱਖ ਅਖ਼ਬਾਰਾਂ ਵਿਚ ‘ਡਾਕਟਰ ਨੇ ਵੀਡੀਓ ਕਾਲ ’ਤੇ ਸਟਾਫ਼ ਨਾਲ ਕਰਵਾਈ ਡਿਲਿਵਰੀ, ਮਾਂ-ਬੱਚੇ ਦੀ ਮੌਤ’ ਸਿਰਲੇਖ ਨਾਲ ਛਪੀ ਖ਼ਬਰ ਦੀ ਘੋਖ ਕੀਤੀ। ਜਿਸ ਤੋਂ ਪਤਾ ਲੱਗਾ ਕਿ ਸਰਕਾਰੀ ਹਸਪਤਾਲ ਮਾਨਸਾ ਦੇ ਡਾਕਟਰ ਨੇ ਆਪਣੇ ਸਟਾਫ਼ ਨੂੰ ਵੀਡੀਓ ਕਾਲ ’ਤੇ ਡਿਲਿਵਰੀ ਕਰਨ ਦੀ ਹਦਾਇਤ ਕੀਤੀ, ਜਿਸ ਕਾਰਨ ਜੱਚਾ-ਬੱਚਾ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮੰਤਰੀ ਲਾਲਜੀਤ ਭੁੱਲਰ ਦਾ ਸੁਖਬੀਰ ਬਾਦਲ 'ਤੇ ਪਲਟ ਵਾਰ, ਜਿੰਨੇ ਮਰਜ਼ੀ ਨੋਟਿਸ ਭੇਜੀ ਜਾਓ, ਅਸੀਂ ਡਰਨ ਵਾਲੇ ਨਹੀਂ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਾਨਸਾ ਦੇ ਸਿਵਲ ਹਸਪਤਾਲ 'ਚ ਜੱਚਾ-ਬੱਚਾ ਦੀ ਡਿਲਿਵਰੀ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਡਾਕਟਰ ਵੱਲੋਂ ਵੀਡੀਓ ਕਾਲ ਰਾਹੀਂ ਡਿਲਿਵਰੀ ਕਰਵਾਈ ਗਈ ਸੀ ਅਤੇ ਇਸ ਲਾਪਰਵਾਹੀ ਕਰਨ ਹੀ ਮਾਂ ਤੇ ਬੱਚੇ ਦੀ ਮੌਤ ਹੋਈ ਹੈ। ਉਸ ਦਿਨ ਤੋਂ ਲੈ ਕੇ ਪਰਿਵਾਰ ਵੱਲੋਂ ਹਸਪਤਾਲ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਸਿਹਤ ਡਾਇਰੈਕਟਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਬੱਸਾਂ ਦੇ ਦਾਖ਼ਲੇ ਬੰਦ ਹੋਣ ’ਤੇ ਭੜਕੇ ਸੁਖਬੀਰ ਬਾਦਲ, ਲੀਗਲ ਨੋਟਿਸ ਭੇਜਣ ਦੀ ਤਿਆਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।