ਬਿੱਲ ਨਾ ਭਰਨ 'ਤੇ ਹੋਟਲ ਨੇ ਲਗਜ਼ਰੀ ਗੱਡੀਆਂ ਕੀਤੀਆਂ ਜ਼ਬਤ, 19 ਲੱਖ ਦੀ ਭਰਪਾਈ ਲਈ ਹੋਵੇਗੀ ਨਿਲਾਮੀ
Tuesday, Feb 07, 2023 - 10:37 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਹੋਟਲ ਦੇ ਬਿੱਲ ਦੀ ਵਸੂਲੀ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਗਜ਼ਰੀ ਹੋਟਲ ਵਿੱਚ 6 ਮਹੀਨੇ ਲਈ 2 ਮਹਿਮਾਨ ਠਹਿਰੇ ਸਨ। ਜਦੋਂ 19 ਲੱਖ ਦਾ ਬਿੱਲ ਭਰਨ ਦੀ ਵਾਰੀ ਆਈ ਤਾਂ ਉਹ ਖਿਸਕਣ ਲੱਗੇ। ਇਸ ਨੂੰ ਦੇਖਦਿਆਂ ਹੋਟਲ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਲਗਜ਼ਰੀ ਗੱਡੀਆਂ ਔਡੀ ਤੇ ਕਰੂਜ਼ ਨੂੰ ਜ਼ਬਤ ਕਰ ਲਿਆ, ਜਿਨ੍ਹਾਂ ਦੀ ਕੀਮਤ 58 ਲੱਖ ਹੈ।
ਇਸ ਘਟਨਾ ਨੂੰ 5 ਸਾਲ ਬੀਤ ਚੁੱਕੇ ਹਨ ਪਰ ਇਹ ਦੋਵੇਂ ਗੱਡੀਆਂ ਲੈਣ ਨਹੀਂ ਆਏ। ਹੁਣ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (CITCO) ਇਨ੍ਹਾਂ ਦੋਵਾਂ ਲਗਜ਼ਰੀ ਵਾਹਨਾਂ ਦੀ 14 ਫਰਵਰੀ ਯਾਨੀ ਵੈਲੇਨਟਾਈਨ ਡੇਅ 'ਤੇ ਨਿਲਾਮੀ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ਅਜਬ ਗਜ਼ਬ: ਇੱਥੇ ਮੇਲੇ ’ਚ ਮੁੰਡਿਆਂ ਨੂੰ ਪਸੰਦ ਕਰਕੇ ਭਜਾ ਲੈ ਜਾਂਦੀਆਂ ਹਨ ਕੁੜੀਆਂ, 1000 ਸਾਲ ਤੋਂ ਚੱਲੀ ਆ ਰਹੀ ਪ੍ਰੰਪਰਾ
ਸਿਟਕੋ ਚੰਡੀਗੜ੍ਹ ਦੇ ਪੌਸ਼ ਸੈਕਟਰ-17 'ਚ ਸ਼ਿਵਾਲਿਕ ਵਿਊ ਦੇ ਨਾਂ ਨਾਲ ਫੋਰ ਸਟਾਰ ਹੋਟਲ ਚਲਾ ਰਿਹਾ ਹੈ। ਸਾਲ 2018 ਵਿੱਚ ਅਸ਼ਵਨੀ ਕੁਮਾਰ ਚੋਪੜਾ ਤੇ ਰਮਨੀਕ ਬਾਂਸਲ ਨਾਂ ਦੇ 2 ਗਾਹਕ ਇੱਥੇ ਆਏ ਸਨ। ਉਹ 6 ਮਹੀਨੇ ਤੱਕ ਹੋਟਲ ਵਿੱਚ ਰਹੇ। ਉਨ੍ਹਾਂ ਨੇ ਇੱਥੇ ਖੂਬ ਮੌਜ-ਮਸਤੀ ਕੀਤੀ ਅਤੇ ਹੋਟਲ ਦੀ ਹਰ ਸਹੂਲਤ ਦਾ ਆਨੰਦ ਮਾਣਿਆ।
ਜਦੋਂ ਉਨ੍ਹਾਂ ਨੇ ਚੈੱਕ ਆਊਟ ਕੀਤਾ ਤਾਂ ਹੋਟਲ ਨੇ ਉਨ੍ਹਾਂ ਨੂੰ 19 ਲੱਖ ਦਾ ਬਿੱਲ ਫੜਾ ਦਿੱਤਾ। ਇਸ ਬਿੱਲ ਨੂੰ ਦੇਖ ਕੇ ਦੋਵਾਂ ਦੀ ਹਾਲਤ ਪਤਲੀ ਹੋ ਗਈ। ਪਹਿਲਾਂ ਤਾਂ ਦੋਵਾਂ ਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਹੋਟਲ ਦੀ ਸਕਿਓਰਿਟੀ ਨੇ ਉਨ੍ਹਾਂ ਨੂੰ ਫੜ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਬਾਥਰੂਮ 'ਚ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਉਨ੍ਹਾਂ ਨੇ ਬਿੱਲ ਦੇ ਨਾਂ 'ਤੇ 6-6 ਲੱਖ ਦੇ 3 ਚੈੱਕ ਦਿੱਤੇ। ਜਦੋਂ ਹੋਟਲ ਵਾਲਿਆਂ ਨੇ ਇਹ ਚੈੱਕ ਬੈਂਕ ਵਿੱਚ ਜਮ੍ਹਾ ਕਰਵਾਏ ਤਾਂ ਬਾਊਂਸ ਹੋ ਗਏ। ਹੋਟਲ ਨੇ ਫਿਰ ਉਨ੍ਹਾਂ ਦੀ ਔਡੀ Q3 ਅਤੇ ਸ਼ੈਵਰਲੇ ਕਰੂਜ਼ ਨੂੰ ਗਿਰਵੀ ਰੱਖ ਲਿਆ। ਇਸ ਘਟਨਾ ਨੂੰ 5 ਸਾਲ ਬੀਤ ਚੁੱਕੇ ਹਨ ਪਰ ਉਹ ਗੱਡੀਆਂ ਲੈਣ ਵਾਪਸ ਨਹੀਂ ਆਏ। ਇਸ ਤੋਂ ਬਾਅਦ ਹੋਟਲ ਨੇ ਇਨ੍ਹਾਂ ਨੂੰ ਵੇਚ ਕੇ ਭਰਪਾਈ ਕਰਨ ਦੀ ਯੋਜਨਾ ਬਣਾਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।