ਹੁਸ਼ਿਆਰਪੁਰ ਦੀ ਡਾਂਸਰ ਦੀ ਲਾਸ਼ ਸਾਦਿਕ ਤੋਂ ਬਰਾਮਦ

Thursday, Aug 30, 2018 - 06:57 AM (IST)

ਸਾਦਿਕ,   (ਪਰਮਜੀਤ)-  ਆਰਕੈਸਟਰਾ ਗਰੁੱਪ 'ਚ ਕੰਮ ਕਰਨ ਵਾਲੀ ਇਕ ਲੜਕੀ ਦੀ ਲਾਸ਼ ਸਾਦਿਕ ਵਿਖੇ ਇਕ ਘਰ 'ਚੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਇਕ ਆਰਕੈਸਟਰਾ ਗਰੁੱਪ 'ਚ ਕੰਮ ਕਰਨ ਵਾਲੀ ਨੌਜਵਾਨ ਲੜਕੀ ਪ੍ਰਿਆ ਪੁੱਤਰੀ ਵਿਜੈ ਸਿੰਘ ਵਾਸੀ ਮਾਨਕ ਢੇਰੀ ਜ਼ਿਲਾ ਹੁਸ਼ਿਆਰਪੁਰ, ਜੋ ਬੀਤੀ 12 ਅਗਸਤ ਤੋਂ ਆਪਣੇ ਘਰ ਤੋਂ ਗਰੁੱਪ ਦੇ ਕਿਸੇ ਪ੍ਰੋਗਰਾਮ ਲਈ ਗਈ ਪਰ ਵਾਪਸ ਘਰ ਨਹੀਂ ਆਈ। ਬੀਤੀ ਕੱਲ ਉਸ ਦੀ ਲਾਸ਼ ਨੂੰ ਆਰਕੈਸਟਰਾ ਗਰੁੱਪ ਦੇ ਡੀ. ਜੇ. ਆਪ੍ਰੇਟਰ ਦੇ ਘਰੋਂ ਸਾਦਿਕ ਤੋਂ ਪੁਲਸ ਨੇ ਬਰਾਮਦ ਕਰ ਲਿਆ ਹੈ।
ਮ੍ਰਿਤਕਾ ਦੇ ਵਾਰਿਸਾਂ ਨੇ ਦੱਸਿਆ ਕਿ ਪ੍ਰਿਆ ਇਹ ਕਹਿ ਕੇ ਘਰੋਂ ਗਈ ਸੀ ਕਿ ਉਹ ਗੁਰਵਿੰਦਰ ਸਿੰਘ ਜੇ. ਬੀ. ਨਾਲ ਪ੍ਰੋਗਰਾਮ 'ਤੇ ਜਾ ਰਹੀ ਹੈ ਪਰ ਘਰ ਉਹ ਨਹੀਂ ਆਈ। ਅਗਲੇ ਦਿਨ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਇਕ ਦਿਨ ਪ੍ਰਿਆ ਨੇ ਗੁਰਵਿੰਦਰ ਸਿੰਘ ਦੇ ਫੋਨ ਤੋਂ ਕਾਲ ਕੀਤੀ ਕਿ ਉਸ ਨੂੰ ਕੁੱਟਿਆ-ਮਾਰਿਆ ਜਾ ਰਿਹਾ ਹੈ ਅਤੇ ਜੇ. ਬੀ. ਉਸ ਨੂੰ ਜਾਨੋਂ ਮਾਰ ਦੇਵੇਗਾ। ਇਸ ਤੋਂ ਬਾਅਦ ਉਕਤ ਲੜਕੇ ਦਾ ਫੋਨ ਆਇਆ ਕਿ ਪ੍ਰਿਆ ਦੀ ਤਬੀਅਤ ਖਰਾਬ ਹੈ ਅਤੇ ਫਿਰ ਉਸ ਨੇ ਫੋਨ ਕੱਟ ਦਿੱਤਾ।
ਭਰੋਸੇਯੋਗ ਸੂਤਰ ਦੱਸਦੇ ਹਨ ਕਿ ਗੁਰਵਿੰਦਰ ਸਿੰਘ ਦੇ ਪਿਤਾ ਨੇ ਹੀ ਪੁਲਸ ਨੂੰ ਦੱਸਿਆ ਕਿ ਇਕ ਲੜਕੀ ਦੀ ਲਾਸ਼ ਉਨ੍ਹਾਂ ਦੇ ਘਰ ਵਿਚ ਪਈ ਹੈ, ਜਿਸ 'ਤੇ ਸਾਦਿਕ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਅਤੇ ਉਸ ਦੀ ਪਛਾਣ ਕੀਤੀ। ਏ. ਐੱਸ. ਆਈ. ਧਰਮ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਜਬਰ-ਜ਼ਨਾਹ ਬਾਰੇ ਸਪੱਸ਼ਟ ਹੋ ਸਕੇਗਾ।
ਫਿਲਹਾਲ ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੜਕੀ ਦੀ ਮੌਤ ਕਿੱਥੇ ਅਤੇ ਕਿਵੇਂ ਹੋਈ ਹੈ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਸਾਦਿਕ ਪੁਲਸ ਨੇ ਗੁਰਵਿੰਦਰ ਸਿੰਘ ਸਾਦਿਕ ਪੁੱਤਰ ਮਲੂਕ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਕਥਿਤ ਦੋਸ਼ੀ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News