ਡਾ. ਐੱਮ. ਐੱਸ. ਰੰਧਾਵਾ ਯਾਦਗਾਰੀ ਵਿਰਾਸਤੀ ਮੇਲਾ ਸਮਾਪਤ

02/18/2019 4:38:13 AM

ਹੁਸ਼ਿਆਰਪੁਰ (ਜਤਿੰਦਰ)-ਖ਼ਾਲਸਾ ਕਾਲਜ, ਗਡ਼੍ਹਦੀਵਾਲਾ ਵਿਖੇ ਦੋ ਰੋਜ਼ਾ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਵਿਰਾਸਤੀ ਮੇਲਾ ਅੱਜ ਸੰਪੰਨ ਹੋ ਗਿਆ। ਮੇਲੇ ਦੇ ਦੂਜੇ ਦਿਨ ਸਭ ਤੋਂ ਪਹਿਲਾਂ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ‘ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਹੱਲ’ ਵਿਸ਼ੇ ਉੱਤੇ ਇਕ ਸੰਵਾਦ ਰਚਾਇਆ ਗਿਆ, ਜਿਸ ਵਿੱਚ ਉੱਘੇ ਪੱਤਰਕਾਰ ਪਰਮਵੀਰ ਸਿੰਘ ਬਾਠ, ਬਾਗਬਾਨੀ ਵਿਭਾਗ ਪੰਜਾਬ ਦੇ ਸੇਵਾ-ਮੁਕਤ ਡਾਇਰੈਕਟਰ ਡਾ. ਗੁਰਕੰਵਲ ਸਿੰਘ, ਮੰਗਜੀਤ ਸਿੰਘ ਜਨਰਲ ਸਕੱਤਰ, ਕਾਂਗਰਸ ਕਿਸਾਨ ਸੈੱਲ, ਤੇਜਿੰਦਰ ਸਿੰਘ ਦੇ ਪੈਨਲ ਨੇੇ ਨੌਜਵਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਇਸ ਸੰਵਾਦ ਦਾ ਮੁੱਖ ਮੁੱਦਾ ਇਹ ਰਿਹਾ ਕਿ ਅਜੋਕੀ ਨੌਜਵਾਨ ਪੀਡ਼ੀ ਵਿਚ ਵਿਦੇਸ਼ਾਂ ਵਿਚ ਜਾ ਕੇ ਵੱਸਣ ਦੀ ਦੌਡ਼ ਕਿਉਂ ਲੱਗੀ ਹੋਈ ਹੈ। ਇਸ ਸਬੰਧੀ ਬੁਲਾਰਿਆਂ ਦੀ ਇਹ ਰਾਇ ਸੀ ਕਿ ਅਜੋਕਾ ਪੰਜਾਬੀ ਨੌਜਵਾਨ ਆਪਣੇ ਮੁਲਕ ਵਿਚ ਰਹਿ ਕੇ ਮਿਹਨਤ ਕਰਨ ਲਈ ਤਿਆਰ ਨਹੀਂ। ਇਸ ਤੋਂ ਇਲਾਵਾ ਘੱਟ ਰਹੇ ਰੋਜ਼ਗਾਰ ਦੇ ਮੌਕੇ ਵੀ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਵੱਸਣ ਲਈ ਮਜਬੂਰ ਕਰਦੇ ਹਨ। ਇਸ ਸੰਵਾਦ ਦਾ ਸੰਚਾਲਨ ਵਰਿੰਦਰ ਨਿਮਾਣਾ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੇਲੇ ਦੇ ਦੂਜੇ ਦਿਨ ਨੌਜਵਾਨਾਂ ਦੇ ਜੀਵਨ ਨੂੰ ਸੇਧ ਦੇਣ ਵਾਲਾ ਜਸਵੀਰ ਗਿੱਲ ਦਾ ਨਿਰਦੇਸ਼ਤ ਕੀਤਾ ਨਾਟਕ ‘ਚੰਨੋ ਬਾਜ਼ੀਗਰਨੀ’ ਪੇਸ਼ ਕੀਤਾ ਗਿਆ। ਖ਼ਾਲਸਾ ਕਾਲਜ ਗਡ਼੍ਹਦੀਵਾਲਾ ਵੱਲੋਂ ਹਰੇਕ ਸਾਲ ਕਿਸੇ ਉੱਘੀ ਸ਼ਖਸੀਅਤ ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਦਿੱਤਾ ਜਾਂਦਾ ਹੈ। ਇਸ ਵਾਰ ਇਹ ਐਵਾਰਡ ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ ਨੂੰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੂੰ 11,000 ਰੁਪਏ ਅਤੇ ਕਾਲਜ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਸਾਹਿਤਕ ਸਫ਼ਰ ਦੇ ਅਨੁਭਵ ਸਾਂਝੇ ਕੀਤੇ ਅਤੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਅਨੰਦਿਤ ਕੀਤਾ। ਪੰਜਾਬੀ ਵਿਭਾਗ ਦੀ ਅਧਿਆਪਕਾ ਡਾ. ਰਵਿੰਦਰ ਕੌਰ ਨੇ ਸੁਰਜੀਤ ਪਾਤਰ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸੇ ਦਿਨ ਪੰਜਾਬੀ ਰਵਾਇਤੀ ਪਹਿਰਾਵਾ ਮੁਕਾਬਲੇ, ਬੇਬੀ ਅਤੇ ਫੈਂਸੀ ਡਰੈਸ ਸ਼ੋਅ ਤੇ ਫਲਾਵਰ ਸ਼ੋਅ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਸਮਾਗਮ ਦੇ ਦੂਜੇ ਦਿਨ ਭਾਸ਼ਾ ਵਿਭਾਗ, ਪੰਜਾਬ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਅਤੇ ਲਖਵਿੰਦਰ ਸਿੰਘ ਲੱਖੀ (ਸਾਬਕਾ ਕਮਿਸ਼ਨਰ, ਆਰ.ਟੀ.ਐੱਸ. ਪੰਜਾਬ ਸਰਕਾਰ) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸ. ਲੱਖੀ ਨੇ ਕਾਲਜ ਨੂੰ 11,000 ਰੁਪਏ ਦਾਨ ਕੀਤੇ। ਪ੍ਰਿੰਸੀਪਲ ਡਾ. ਪ੍ਰੀਤਮਹਿੰਦਰਪਾਲ ਸਿੰਘ, ਡਾ. ਸਾਹਿਬ ਸਿੰਘ, ਡਾ. ਗੁਰਨਾਮ ਸਿੰਘ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਲੱਕੀ ਡਰਾਅ ਵੀ ਕੱਢਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਕਾਲਜ ਆਏ ਹੋਏ ਮਹਿਮਾਨਾਂ ਦਾ ਕਾਲਜ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਵਿਦਿਆਰਥੀਆਂ ਅਤੇ ਇਲਾਕੇ ਦੇ ਨੌਜਵਾਨਾਂ ਨੇ ਵੱਖੋ-ਵੱਖਰੇ ਪੰਡਾਲਾਂ ’ਤੇ ਜਾ ਕੇ ਖਾਣ-ਪੀਣ ਦੀਆ ਵਸਤਾਂ ਦਾ ਅਨੰਦ ਮਾਣਿਆ। ਅੱਜ ਦੇ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਗੁਰਪਿੰਦਰ ਸਿੰਘ, ਪ੍ਰੋ. ਗੁਰਪ੍ਰ੍ਰੀਤ ਸਿੰਘ ਤੇ ਪ੍ਰੋ. ਸ਼ਾਇਨਾਂ ਪਰਮਾਰ ਨੇ ਨਿਭਾਈ। ਇਸ ਤੋਂ ਪਹਿਲਾਂ ਮੇਲੇ ਦੇ ਪਹਿਲੇ ਦਿਨ ਡਾ. ਦਪਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਡਾ. ਮਹਿੰਦਰ ਸਿੰਘ ਰੰਧਾਵਾ ਨੇ ਇਕ ਉੱਚ ਅਫ਼ਸਰ ਦੇ ਤੌਰ ’ਤੇ ਬਹੁਤ ਲਾਮਿਸਾਲ ਕੰਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਡਾ. ਰੰਧਾਵਾ ਨੇ ਹਿੰਦੁਸਤਾਨ ਦੀ ਵੰਡ ਸਮੇਂ ਸ਼ਰਨਾਰਥੀਆਂ ਨੂੰ ਮੁਡ਼ ਵਸਾਉਣ ਲਈ ਯਾਦਗਾਰੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਦੇ ਸਮੇਂ ਇਹ ਗੱਲ ਵਿਚਾਰਨ ਦੀ ਲੋਡ਼ ਹੈ ਕਿ ਪੰਜਾਬ ਤੋਂ ਬਾਹਰੋਂ ਆ ਕੇ ਪ੍ਰਵਾਸੀ ਕਾਮੇ ਵਧੀਆ ਰੋਜ਼ਗਾਰ ਚਲਾ ਰਹੇ ਹਨ ਪਰ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਇਸ ਦੇ ਕੀ ਕਾਰਨ ਹਨ। ਇਸ ਮੌਕੇ ਡਾ. ਜੀ. ਪੀ. ਐੱਸ. ਰੰਧਾਵਾ ਜਨਰਲ ਮੈਨੇਜਰ ਪ੍ਰਾਜੈਕਟ ਬਾਗਬਾਨੀ, ਮੰਡੀਕਰਨ ਬੋਰਡ, ਪੰਜਾਬ ਸਰਕਾਰ, ਚੰਡੀਗਡ਼੍ਹ ਨੇ ‘ਖੇਤੀ ਮੰਡੀਕਰਨ ’ਚ ਸਰਕਾਰ ਦੀ ਭੂਮਿਕਾ ਅਤੇ ਚੁਣੌਤੀਆਂ’ ਵਿਸ਼ੇ ਉੱਤੇ ਚਰਚਾ ਕਰਦਿਆਂ ਦੱਸਿਆ ਕਿ ਪੰਜਾਬ ਦੇ ਖੇਤੀਕਰਨ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਠੋਸ ਸਰਕਾਰੀ ਨੀਤੀ ਦੀ ਲੋਡ਼ ਹੈ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਕਣਕ ਅਤੇ ਝੋਨੇ ਦੀ ਖਰੀਦ ਕਰਨ ਲਈ ਸਰਕਾਰੀ ਏਜੰਸੀਆ ਹੱਥ ਪਿੱਛੇ ਖਿੱਚ ਲੈਣ ਤਾਂ ਪੰਜਾਬ ਦੀ ਕਿਸਾਨੀ ਦਾ ਕੀ ਬਣੇਗਾ, ਇਸ ਬਾਰੇ ਚਿੰਤਿਤ ਹੋਣ ਦੀ ਲੋਡ਼ ਹੈ। ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ ਤੋਂ ਅਰਥ ਸ਼ਾਸਤਰ ਦੇ ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਪ੍ਰਤੀ ਏਕਡ਼ ਸਭ ਤੋਂ ਵੱਧ ਫਸਲ ਪੈਦਾ ਕਰਨ ਵਾਲੇ ਪੰਜਾਬੀ ਹਨ ਪਰ ਫਸਲਾਂ ਦੇ ਮੰਡੀਕਰਨ ਖਾਸ ਕਰਕੇ ਫਲ ਅਤੇ ਸਬਜ਼ੀਆਂ ਦੀ ਮੰਡੀਕਰਨ ਦੀ ਬਹੁਤ ਸਮੱਸਿਆ ਹੈ। ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਦੇ ਸਾਬਕਾ ਮੁਖੀ ਡਾ. ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਵਿਚ ਕੋਈ ਠੋਸ ਖੇਤੀ ਨੀਤੀ ਨਹੀਂ ਹੈ, ਜਿਸ ਕਾਰਨ ਪੰਜਾਬ ਦਾ ਕਿਸਾਨ ਸੰਕਟ ਭੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਨੂੰ ਸਾਹਮਣੇ ਰੱਖਕੇ ਖੇਤੀ ਨੀਤੀਆਂ ਬਣਾਉਣ ਦੀ ਲੋਡ਼ ਹੈ।

Related News