ਖਾਲਸਾ ਛਾਉਣੀ ਪਲੰਪਟਨ ਵਿਖੇ ਕਰਵਾਇਆ ਗਿਆ ਮਿੰਨੀ ਖੇਡ ਮੇਲਾ (ਤਸਵੀਰਾਂ)
Tuesday, May 14, 2024 - 01:49 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ):- ਇੱਥੋਂ ਦੇ ਉੱਤਰ ਪੱਛਮ ਵਿੱਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਦਸਵੇਂ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਖੇਡ ਮੇਲੇ ਵਿੱਚ ਬਾਸਕਟਬਾਲ, ਦੌੜਾਂ,ਬੀਬੀਆਂ ਦੀ ਚਾਟੀ ਦੋੜ, ਮਿਊਜ਼ੀਕਲ ਚੇਅਰ, ਰੱਸਾਕਸ਼ੀ, ਡੰਡ, ਵਾਲੀਬਾਲ, ਬੱਚਿਆਂ ਦੀਆਂ ਦੌੜਾਂ ਆਦਿ ਦੇ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸਾਹਿਬ ਵਿੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਦੇ ਜੱਥੇ ਵਲੋ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ ਤੇ ਅਰਦਾਸ ਉਪਰੰਤ ਖੇਡ ਮੇਲੇ ਦੀ ਆਰੰਭਤਾ ਕੀਤੀ ਗਈ।
ਖੇਡ ਮੇਲੇ ਵਿੱਚ ਹੋਈਆਂ ਹਰੇਕ ਖੇਡਾਂ ਵਿੱਚ ਬੱਚਿਆਂ, ਨੋਜਵਾਨਾਂ, ਬਜੁਰਗਾਂ ਤੇ ਬੀਬੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਦੌੜਾਂ ਦੇ ਮੁਕਾਬਲਿਆਂ ਵਿੱਚ 4 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਬੱਚਿਆਂ, ਨੌਜਵਾਨਾਂ, ਬੀਬੀਆਂ ਤੇ ਬਜ਼ੁਰਗਾਂ ਨੇ ਭਾਗ ਲਿਆ। ਮਰਦਾਂ ਦੇ ਰੱਸਾਕਸ਼ੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਡੰਡ ਮਾਰਨ ਦੇ ਮੁਕਾਬਲੇ ਵੀ ਕਾਫੀ ਦਿਲਚਸਪ ਸਨ ਤੇ ਜੇਤੂਆਂ ਨੂੰ ਕਈ ਤਰ੍ਹਾਂ ਦੇ ਆਕਰਸ਼ਕ ਇਨਾਮ ਦਿੱਤੇ ਗਏ। ਖੇਡ ਮੇਲੇ ਵਿੱਚ ਪੰਜਾਬ ਤੋਂ ਆਏ ਮਾਪਿਆਂ ਨੇ ਵੀ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਰਾਜ ਨੇ ਘਰੇਲੂ ਹਿੰਸਾ ਦੇ ਅਪਰਾਧੀਆਂ ਖ਼ਿਲਾਫ਼ ਚੁੱਕਿਆ ਸਖ਼ਤ ਕਦਮ
ਖੇਡ ਮੇਲੇ ਵਿੱਚ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ, ਗਿਆਨੀ ਅਤਰ ਸਿੰਘ ਜੀ ਫਤਿਹਗੜ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਖੇਡ ਮੇਲੇ ਨੂੰ ਦੇਖਣ ਲਈ ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਰਿਵਾਰਾ ਸਮੇਤ ਪੁੱਜੀਆਂ ਹੋਈਆਂ ਸਨ। ਇਸ ਮੌਕੇ ਸੰਗਤਾਂ ਲਈ ਚਾਹ ਪਾਣੀ ਤੋਂ ਇਲਾਵਾ ਲੰਗਰ ਅਤੇ ਬੱਚਿਆਂ ਲਈ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ। ਖੇਡ ਮੇਲੇ ਵਿੱਚ ਸੰਗਤਾਂ ਦਾ ਇਕੱਠ ਸਮਾਗਮ ਪ੍ਰਤੀ ਉਨਾਂ ਦੀ ਸ਼ਰਧਾ ਅਤੇ ਲਗਨ ਨੂੰ ਦਰਸਾ ਰਿਹਾ ਸੀ। ਜ਼ਿਕਰਯੋਗ ਹੈ ਕਿ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਖੇਡਾਂ ਦੇ ਪ੍ਰਸਾਰ ਲਈ ਖਾਲਸਾ ਛਾਉਣੀ ਸਪੋਰਟਸ ਕਲੱਬ ਹੋਂਦ ਵਿੱਚ ਆਇਆ ਹੈ ਤਾਂ ਜੋ ਆਉਂਦੇ ਸਮੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਭਵਿੱਖ ਵਿੱਚ ਉੱਚ ਕੋਟੀ ਦੇ ਖਿਡਾਰੀ ਤਿਆਰ ਕਰ ਸਕਣ। ਇਸ ਖੇਡ ਮੇਲੇ ਨੂੰ ਸਫਲ ਬਨਾਉਣ ਲਈ ਸੰਗਤਾਂ ਦਾ ਸਹਿਯੋਗ ਤੇ ਖਾਲਸਾ ਛਾਉਣੀ ਦੇ ਸੇਵਾਦਾਰਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।