''ਆਪ'' ਉਮੀਦਵਾਰ ''ਤੇ ਡਾ. ਅਮਰ ਸਿੰਘ ਨੇ ਵਿੰਨ੍ਹਿਆ ਨਿਸ਼ਾਨਾ, ਭਾਜਪਾ ਨੂੰ ਵੀ ਸੁਣਾਈਆਂ ਖ਼ਰੀਆਂ-ਖ਼ਰੀਆਂ
Saturday, Apr 27, 2024 - 03:55 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਖਾਨਪੁਰ ਵਿਖੇ ਚੋਣ ਪ੍ਰਚਾਰ ਲਈ ਪੁੱਜੇ। ਇੱਥੇ ਉਨ੍ਹਾਂ ਨੇ ਆਪਣੇ 5 ਸਾਲ ਦੀਆਂ ਪ੍ਰਾਪਤੀਆਂ ਦੱਸੀਆਂ, ਇਸ ਦੇ ਨਾਲ ਹੀ 'ਆਪ' ਉਮੀਦਵਾਰ ਜੀ. ਪੀ. ਸਿੰਘ ਅਤੇ ਭਾਜਪਾ 'ਤੇ ਤਿੱਖੇ ਹਮਲੇ ਕੀਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਤਿਤਲੀਆਂ ਵਰਗਾ ਹੈ, ਜਿਸ ਨੇ 10 ਸਾਲਾਂ 'ਚ 4 ਪਾਰਟੀਆਂ ਬਦਲੀਆਂ ਅਤੇ ਹੁਣ ਆਉਣ ਵਾਲੇ ਸਮੇਂ 'ਚ ਭਾਜਪਾ ਵਿੱਚ ਵੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਦਲ ਬਦਲੂਆਂ ਨੂੰ ਮੂੰਹ ਨਹੀਂ ਲਾ ਰਹੇ, ਜਦਕਿ ਹਲਕੇ ਵਿੱਚ ਕਾਂਗਰਸ ਦੇ ਹੱਕ ਵਿਚ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ। ਡਾ. ਅਮਰ ਸਿੰਘ ਨੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਦੇਸ਼ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਹੀ ਭਾਜਪਾ ਦੇ 400 ਸੀਟਾਂ ਤੋਂ ਵੱਧ ਪ੍ਰਾਪਤ ਕਰਨ ਦੇ ਦਾਅਵੇ ਸਨ, ਉਨ੍ਹਾਂ ਦੀ ਫੂਕ ਨਿਕਲ ਗਈ ਕਿਉਂਕਿ ਜੋ ਅੱਜ ਸਰਵੇ ਸਾਹਮਣੇ ਆ ਰਹੇ ਹਨ, ਉਸ ਵਿਚ ਭਾਜਪਾ 200 ਤੋਂ ਵੱਧ ਦਾ ਅੰਕੜਾ ਪਾਰ ਨਹੀਂ ਕਰ ਸਕੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਜੇਕਰ ਸੱਤਾ ਵਿਚ ਭਾਜਪਾ ਮੁੜ ਆ ਗਈ ਤਾਂ ਉਹ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸਪੁਰਦ ਕਰਨ ਦੀ ਤਿਆਰੀ ਵਿੱਚ ਹੈ, ਜਿਸ ਨਾਲ ਸੂਬੇ ਦਾ ਕਿਸਾਨ ਬੇਜ਼ਮੀਨਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਭਾਜਪਾ ਅਤੇ ਲੁੱਟਣ ਵਾਲੇ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਇਸ ਲਈ ਲੋਕ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ।