ਜਰਮਨੀ ’ਚ ਪਹਿਲੀ ਅੰਮ੍ਰਿਤਧਾਰੀ ਡਾਕਟਰ ਬਣੀ ਡਾ. ਬਲਜੀਤ ਕੌਰ
Thursday, May 16, 2024 - 11:05 AM (IST)
ਕਲੋਨ (ਸਰਬਜੀਤ ਸਿੰਘ ਬਨੂੜ) - ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਸਪੁੱਤਰੀ ਬੀਬੀ ਬਲਜੀਤ ਕੌਰ ਨੇ ਪੂਰਨ ਤੌਰ ਸਿੱਖੀ ਸਰੂਪ ਵਿਚ ਵਿਚਰਦਿਆਂ ਜਰਮਨੀ ਦੀ ਪਹਿਲੀ ਅੰਮ੍ਰਿਤਧਾਰੀ ਡਾਕਟਰ ਬਣ ਕੇ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ। ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ ਬੱਬਰ ਪਰਿਵਾਰ ਵੱਲੋਂ ਉਨ੍ਹਾਂ ਦੀ ਸਪੁੱਤਰੀ ਬੀਬੀ ਬਲਜੀਤ ਕੌਰ ਨੂੰ ਡਿਗਰੀ (ਡਾਕਟਰ ਆਫ ਡੈਂਟਲ ਸਰਜਰੀ) ਪ੍ਰਾਪਤ ਹੋਣ ’ਤੇ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਭਾਈ ਰਣਜੀਤ ਸਿੰਘ, ਰਾਗੀ ਜਥਾ ਭਾਈ ਮਨਦੀਪ ਸਿੰਘ ਤੇ ਡਾ. ਬਲਜੀਤ ਕੌਰ ਨੇ ਵੀ ਸ਼ਬਦ ਕੀਰਤਨ ਕੀਤਾ। ਕਥਾ ਵਾਚਕ ਭਾਈ ਜਗਜੀਤ ਸਿੰਘ ਨੇ ਕਿਹਾ ਕੇ ਬੱਚੀ ਬਲਜੀਤ ਕੌਰ ਅੱਜ ਦੇ ਬੱਚਿਆਂ ਲਈ ਰੋਲ ਮਾਡਲ ਹੈ ਅਤੇ ਸਾਨੂੰ ਆਪਣੇ ਬੱਚਿਆਂ ’ਤੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੀ ਸਿੱਖ ਕੌਮ ਦਾ ਮਾਣ ਵਧਾਉਣ। ਪ੍ਰਬੰਧਕ ਕਮੇਟੀ ਵੱਲੋਂ ਡਾ. ਬਲਜੀਤ ਕੌਰ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਇਕ ਗ਼ਰੀਬ ਪਰਿਵਾਰ ਵਿਚੋਂ ਸਨ। ਉਸ ਸਮੇਂ ਉਚੇਰੀ ਵਿੱਦਿਆ ਲੈਣੀ ਵੀ ਸੰਭਵ ਨਹੀਂ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਬੱਚੀ ਦੀ ਪੜ੍ਹਾਈ ਨਾਲ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ।
ਇਸ ਮੌਕੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਬਲਾਰਿਆਂ ਵੱਲੋਂ ਕਿਹਾ ਗਿਆ ਕਿ ਉੱਚ ਵਿੱਦਿਆ ਹਾਸਲ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ, ਫੈੱਡਰੇਸ਼ਨ ਦੇ ਆਗੂ ਭਾਈ ਜਤਿੰਦਰਵੀਰ ਸਿੰਘ, ਭਾਈ ਰਾਜਿੰਦਰ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ , ਭਾਈ ਅਵਤਾਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ, ਭਾਈ ਪ੍ਰਤਾਪ ਸਿੰਘ ਬੱਬਰ, ਭਾਈ ਰਾਮਪਾਲ ਸਿੰਘ ਬੱਬਰ, ਭਾਈ ਅਵਤਾਰ ਸਿੰਘ ਪੱਡਾ ਆਦਿ ਮੌਜੂਦ ਸਨ।