ਬੇਰੋਜ਼ਗਾਰ ਹੈਲਥ ਵਰਕਰਾਂ ਵੱਲੋਂ ਸਰਕਾਰ ਦੀ ਲਾਰੇ-ਲੱਪੇ ਵਾਲੀ ਨੀਤੀ ਦੀ ਨਿਖੇਧੀ

02/18/2019 4:38:07 AM

ਹੁਸ਼ਿਆਰਪੁਰ (ਜਤਿੰਦਰ)-ਬੇਰੋਜ਼ਗਾਰ ਹੈਲਥ ਵਰਕਰ ਮੇਲ ਯੂਨੀਅਨ ਦੀ ਇਕ ਮੀਟਿੰਗ ਅੱਜ ਇਥੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਕਾਰ ਵੱਲੋਂ ਉਨ੍ਹਾਂ ਦੀ ਭਰਤੀ ਸਬੰਧੀ ਅਪਣਾਈ ਜਾ ਰਹੀ ਲਾਰੇ-ਲੱਪੇ ਵਾਲੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਘਰ-ਘਰ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਸਰਕਾਰ ਬਣਨ ਦੇ 22 ਮਹੀਨਿਆਂ ਦੇ ਬਾਅਦ ਵੀ ਸਰਕਾਰ ਨੇ ਕਿਸੇ ਨੂੰ ਰੋਜ਼ਗਾਰ ਨਹੀਂ ਦਿੱਤਾ। ਬੀਤੀ 10 ਫਰਵਰੀ ਨੂੰ ਬੇਰੋਜ਼ਗਾਰ ਹੈਲਥ ਵਰਕਰਾਂ ਵੱਲੋਂ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਰਿਹਾਇਸ਼ ਕੋਲ ਧਰਨਾ ਦਿੱਤਾ ਗਿਆ ਸੀ। ਜਿਸ ਦੇ ਬਾਅਦ ਮੰਤਰੀ ਦੇ ਪੀ. ਏ. ਵੱਲੋਂ ਯੂਨੀਅਨ ਨੂੰ ਜਲਦੀ ਹੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਧਰਨੇ ਨੂੰ ਇਕ ਹਫਤਾ ਬੀਤੇ ਜਾਣ ਦੇ ਬਾਅਦ ਵੀ ਯੂਨੀਅਨ ਦੀ ਸਿਹਤ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਹੋ ਸਕੀ। ਇਸ ਲਈ ਯੂਨੀਅਨ ਆਉਣ ਵਾਲੇ ਦਿਨਾਂ ਵਿਚ ਸਖਤ ਸੰਘਰਸ਼ ਕਰਨ ਨੂੰ ਮਜਬੂਰ ਹੋਵੇਗੀ। ਉਨ੍ਹਾਂ ਸਿਹਤ ਵਿਭਾਗ ਵਿਚ ਹੈਲਥ ਵਰਕਰਾਂ ਦੀਆਂ 623 ਅਸਾਮੀਆਂ ਜਲਦੀ ਤੋਂ ਜਲਦੀ ਭਰਨ ਦੀ ਮੰਗ ਕੀਤੀ। ਇਸ ਮੌਕੇ ਅਵਤਾਰ ਸਿੰਘ ਸਹੋਤਾ, ਸਰਬਜੀਤ ਸਿੰਘ, ਹਰਵਿੰਦਰ ਸਿੰਘ, ਤਿਲਕ ਰਾਜ ਪ੍ਰੈੱਸ ਸਕੱਤਰ, ਸਰਬਜੀਤ ਸਿੰਘ ਗੋਰਾਇਆ, ਨਿਹਾਲ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Related News